Pages

Wednesday, May 4, 2011

ਨੀ ਇਹ ਰੋਡਾ ਭੋਡਾ ਕੌਣ…?

- ਅਮਰਦੀਪ ਸਿੰਘ ਅਮਰ
ਕਹਿੰਦੇ ਨੇ ਕਿ ਹਰ ਕਿਸਾਨ ਕਣਕ ਬੀਜਦਾ ਹੈ ਅਤੇ ਕਾਂਗਿਆਰੀ ਕੋਈ ਨਹੀਂ ਬੀਜਦਾ। ਫਿਰ ਵੀ ਕਣਕ ਦੀ ਹਰੇਕ ਫਸਲ ਵਿਚ ਕਾਂਗਿਆਰੀ ਪੈਦਾ ਹੋ ਜਾਂਦੀ ਹੈ। ਇਹ ਇਕ ਕੁਦਰਤੀ ਵਰਤਾਰਾ ਹੈ। ਠੀਕ ਇਸੇ ਤਰ੍ਹਾਂ ਜਦੋਂ ਕੋਈ ਕੌਮ ਆਪਣੀ ਆਜ਼ਾਦੀ ਦਾ ਸੰਘਰਸ਼ ਵਿੱਢਦੀ ਹੈ ਤਾਂ ਉਸ ਨੂੰ ਯੋਧਿਆਂ ਦੀ ਫਸਲ ਬੀਜਣੀ ਪੈਂਦੀ ਹੈ ਪਰ ਯੋਧਿਆਂ ਦੀ ਇਸ ਫੌਜ ਵਿਚ ਗੱਦਾਰਾਂ ਦੀ ਕਾਂਗਿਆਰੀ ਆਪਣੇ ਆਪ ਹੀ ਪੈਦਾ ਹੋ ਜਾਂਦੀ ਹੈ ਜੋ ਕਣਕ ਦੀ ਫਸਲ ਵਾਂਗ ਹੀ ਕੌਮ ਦੇ ਸੰਘਰਸ਼ ਲਈ ਮਾਰੂ ਸਾਬਤ ਹੁੰਦੀ ਹੈ। ਗੱਦਾਰ ਦਾ ਤਖਲਸ ਕੋਈ ਵੀ ਹੋਵੇ ਇਸ ਨਾਲ ਫਰਕ ਕੋਈ ਨਹੀਂ ਪੈਂਦਾ। ਫਰਕ ਪੈਂਦਾ ਹੈ ਉਸ ਦੇ ਕੰਮਾਂ ਨਾਲ। ਜਦੋਂ ਤੱਕ ਗੱਦਾਰ ਜੱਗ ਜਾਹਰ ਹੁੰਦਾ ਹੈ ਉਦੋਂ ਤੱਕ ਉਹ ਕਈ ਵਾਰ ਕੌਮ ਦਾ ਬਹੁਤ ਵੱਡਾ ਨੁਕਸਾਨ ਕਰ ਚੁਕਾ ਹੁੰਦਾ ਹੈ। ਕਿਸੇ ਵੀ ਕੌਮ ਵਿਚ ਜਿੰਨੇ ਵੱਡੇ ਅਹੁਦੇ ਵਾਲਾ ਵਿਅਕਤੀ ਗੱਦਾਰ ਬਣਦਾ ਹੈ ਉਸ ਤੋਂ ਉਨੀਆਂ ਵੱਡੀਆਂ ਗੱਦਾਰੀਆਂ ਵਿਰੋਧੀ ਧਿਰਾਂ ਕਰਾ ਜਾਂਦੀਆਂ ਹਨ। ਵੈਸੇ ਇਤਿਹਾਸ ਵਿਚ ਗੱਦਾਰ ਦੀ ਕੀਮਤ ਕੇਲਾ ਖਾ ਕੇ ਸੁੱਟੇ ਹੋਏ ਛਿੱਲੜ ਤੋਂ ਵੱਧ ਕੁਝ ਨਹੀਂ ਹੁੰਦੀ ਪਰ ਫਿਰ ਵੀ ਅਮਲੀ, ਗਾਉਣ ਵਾਲੇ ਕਲਾਕਾਰ, ਮੱਲ ਅਤੇ ਕੰਜਰੀ ਵਾਂਗ ਗੱਦਾਰ ਵੀ ਆਪਣੀ ਚੜ੍ਹਾਈ ਦੇ ਦਿਨ ਪੂਰੀ ਐਸ਼ ਨਾਲ ਬਿਤਾਉਂਦਾ ਹੈ। ਮੱਚ ਰਹੇ ਭਰਾਵਾਂ ਦੇ ਸਿਵੇ ਗੱਦਾਰ ਦੇ ਪੱਥਰ ਦਿਲ ਨੂੰ ਨਹੀਂ ਪਿਘਲਾਉਂਦੇ ਅਤੇ ਨਾ ਹੀ ਸ਼ਹੀਦ ਹੋਏ ਸਾਥੀਆਂ ਦੀਆਂ ਵਿਧਵਾਵਾਂ, ਉਨ੍ਹਾਂ ਦੇ ਬੱਚਿਆਂ ਅਤੇ ਮਾਪਿਆਂ ਦੀਆਂ ਚੀਕਾਂ-ਫਰਿਆਦਾਂ ਦਾ ਉਸ ਉਤੇ ਕੋਈ ਅਸਰ ਹੁੰਦਾ ਹੈ। ਗੱਦਾਰ ਭਾਵੇਂ ਕਿਸੇ ਕਿੰਨੇ ਵੀ ਉਚੇ ਖਾਨਦਾਨ ਵਿਚ ਪੈਦਾ ਕਿਉਂ ਨਾ ਹੋਇਆ ਹੋਵੇ, ਉਹ ਵੇਚਣ ਵੇਲੇ ਆਪਣੀ ਕੌਮ ਦੀ ਆਬਰੂ ਦੇ ਨਾਲ ਨਾਲ ਆਪਣੇ ਵਡੇਰਿਆਂ ਦੀਆਂ ਕੀਤੀਆਂ ਕੁਰਬਾਨੀਆਂ, ਸ਼ਹਾਦਤਾਂ ਅਤੇ ਅਣਖ ਨੂੰ ਵੀ ਨੀਲਾਮ ਕਰ ਦਿੰਦਾ ਹੈ।


ਪਿਛਲੇ ਸਮੇਂ ਵਿਚ ਸਿੱਖ ਕੌਮ ਨੇ ਬਿਪਰਵਾਦੀ ਗਲਬੇ ਤੋਂ ਨਿਜਾਤ ਪਾਉਣ ਵਾਸਤੇ ਲਹੂ-ਵੀਟਵੀਂ ਜੰਗ ਲੜੀ। ਸਿੱਖ ਗੱਭਰੂਆਂ ਦੇ ਪੂਰਾਂ ਦੇ ਪੂਰ ਇਸ ਅਣਕਿਆਸੀ ਜੰਗ ਵਿਚ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਰਕਾਰ ਵਿਰੁਧ ਲੜਦੇ ਹੋਏ ਭੰਨ ਗਏ। ਖਾੜਕੂ ਲਹਿਰ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਸਮੇਤ ਭਾਈ ਫੌਜਾ ਸਿੰਘ, ਬਾਬਾ ਠਾਰਾ ਸਿੰਘ, ਭਾਈ ਅਮਰੀਕ ਸਿੰਘ, ਭਾਈ ਸੁਖਦੇਵ ਸਿੰਘ ਬੱਬਰ, ਭਾਈ ਅਨੋਖ ਸਿੰਘ ਬੱਬਰ, ਭਾਈ ਗੁਰਜੰਟ ਸਿੰਘ ਬੁੱਧ ਸਿੰਘਵਾਲਾ, ਭਾਈ ਗੁਰਬਚਨ ਸਿੰਘ ਮਾਨੋਚਾਹਲ, ਭਾਈ ਗੁਰਦੇਵ ਸਿੰਘ ਕਾਉਂਕੇ ਇਤਿਆਦ ਹਜ਼ਾਰਾਂ ਸੂਰਬੀਰ ਪੰਜਾਂ ਪਾਣੀਆਂ ਦੀ ਧਰਤੀ ਤੋਂ ਕੁਰਬਾਨ ਕਰ ਦਿੱਤੇ। ਇਹ ਗੱਲ ਵੱਖਰੀ ਹੈ ਕਿ ਖਾੜਕੂ ਸਿੰਘਾਂ ਦੀ ਵਿੱਢੀ ਜੰਗ ਕੁਝ ਕਾਰਨਾਂ ਕਰਕੇ ਸਿਰੇ ਨਹੀਂ ਚੜ੍ਹ ਸਕੀ। ਦਰਅਸਲ ਜਦੋਂ ਕਿਸੇ ਸਰਕਾਰੀ ਤੰਤਰ ਵਿਰੁਧ ਕੋਈ ਹਥਿਆਰਬੰਦ ਬਗਾਵਤ ਜਨਮ ਲੈਂਦੀ ਹੈ ਤਾਂ ਸਰਕਾਰਾਂ ਉਸ ਨੂੰ ਦਬਾਉਣ ਅਤੇ ਖਤਮ ਕਰਨ ਲਈ ਹਰ ਹਰਬਾ ਵਰਤਦੀਆਂ ਹਨ। ਇਹ ਹਰਬੇ ਸਿੱਖ ਖਾੜਕੂ ਲਹਿਰ ਨੂੰ ਖਤਮ ਕਰਨ ਲਈ ਵੀ ਵਰਤੇ ਗਏ। ਇਹ ਹਰਬੇ ਇਸ ਤੋਂ ਪਹਿਲਾਂ ਪੰਜਾਬ ਦੀ ਨਕਸਲੀ ਲਹਿਰ ਨੂੰ ਖਤਮ ਕਰਨ ਲਈ ਵਰਤੇ ਗਏ ਅਤੇ ਹੁਣ ਕੁਦਰਤੀ ਵਸੀਲਿਆਂ ਦੀ ਲੁੱਟ ਵਿਰੁਧ ਉਠੀ ਮਾਓਵਾਦੀ ਲਹਿਰ ਦੇ ਯੋਧਿਆਂ ਨੂੰ ਖਤਮ ਕਰਨ ਲਈ ਵਰਤੇ ਜਾ ਰਹੇ ਹਨ। ਇਨ੍ਹਾਂ ਹਰਬਿਆਂ ਵਿਚ ਬਲੈਕ ਕੈਟ ਵਰਤਾਰਾ ਅੱਜ ਜੱਗ ਜਾਹਿਰ ਹੋ ਚੁਕਾ ਹੈ। ਖਾੜਕੂ ਸਿੱਖ ਲਹਿਰ ਬਾਰੇ ਜੇ.ਐਫ. ਰਿਬੇਰੋ, ਇਜ਼ਹਾਰ ਆਲਮ ਅਤੇ ਵਿਰਕ ਵਰਗੇ ਪੁਲਿਸ ਅਫਸਰਾਂ ਦੇ ਆਪਣੇ ਮੂੰਹੋਂ ਦਿੱਤੇ ਬਿਆਨ ਇਸ ਵਰਤਾਰੇ ਦਾ ਪ੍ਰਤੱਖ ਪ੍ਰਮਾਣ ਹਨ। ਸੁੱਖੀ ਵਰਗੇ ਚਿੱਟ ਕੱਪੜੀਏ ਕਾਲੇ ਕੈਟਾਂ ਨੂੰ ਸਿੱਖ ਸੰਗਤਾਂ ਭਲੀਭਾਂਤ ਪਛਾਣਦੀਆਂ ਹਨ। ਭਾਰਤੀ ਸੁਰੱਖਿਆ ਏਜੰਸੀ ਰਾਅ ਦੇ ਸਾਬਕਾ ਮੁਖੀ ਬੀ ਕੇ ਧਰ ਦੀ ਲਿਖੀ ਪੁਸਤਕ ‘ਓਪਨ ਸਿਕਰੇਟ’ (ਖੁੱਲ੍ਹੇ ਭੇਦ) ਅਤੇ ‘ਕੌੜੀ ਫਸਲ’ ਨਾਵਲ ਸਿੱਖ ਲਹਿਰ ਵਿਚ ਪਨਪੇ ਡੋਗਰਾਵਾਦੀਆਂ ਵੱਲ ਕਾਫੀ ਇਸ਼ਾਰੇ ਕਰਦੇ ਹਨ ਪਰ ਕਈ ਡੋਗਰੇ ਆਪਣੇ ਅਸਰ-ਰਸੂਖ, ਪੈਸੇ ਅਤੇ ਸਿੱਖ ਕੌਮ ਵਿਚ ਬਣ ਚੁਕੇ ਆਪਣੇ ਪ੍ਰਭਾਵ ਕਰਕੇ ਸਿੱਖ ਕੌਮ ਦਾ ਵਿਹੜਾ ਮੋਕਲਾ ਕਰਨ ਦਾ ਅਜੇ ਵੀ ਨਾਮ ਨਹੀਂ ਲੈ ਰਹੇ।

ਅਜਿਹੇ ਹੀ ਇਕ ਉਚੇ ਅਹੁਦੇ ਤੇ ਅਸਰ-ਰਸੂਖ ਵਾਲੇ ਜਥੇਦਾਰ ਦੀ ਅਸਲੀਅਤ ਅਸੀਂ ਕਾਫੀ ਸਮਾਂ ਪਹਿਲਾਂ ਜ਼ਾਹਿਰ ਕੀਤੀ ਸੀ ਪਰ ਦਮਦਮੀ ਟਕਸਾਲ, ਸਿੱਖ ਕੌਮ ਵਿਚ ਕਿਸੇ ਸਮੇਂ ਆਪਣੇ ਸਤਿਕਾਰਤ ਅਹੁਦੇ ਕਰਕੇ ਅਤੇ ਸਿੱਖ ਪੰਥ ਦੀ ਬਹੁਤ ਹੀ ਮਾਣਯੋਗ ਸ਼ਹੀਦ ਹਸਤੀ ਦਾ ਨਜ਼ਦੀਕੀ ਹੋਣ ਕਰਕੇ ਸਾਡੇ ਕਈ ਟਕਸਾਲੀ ਮਿੱਤਰ ਇਸ ਜਥੇਦਾਰ ਦੀ ਅਸਲੀਅਤ ਵਲੋਂ ਅਜੇ ਵੀ ਅੱਖਾਂ ਮੀਟੀ ਰੱਖਦੇ ਹਨ। ਸਾਨੂੰ ਭਰੋਸੇਯੋਗ ਸੂਤਰਾਂ ਤੋਂ ਇਸ ਜਥੇਦਾਰ ਦੀ ਕਈ ਅਹਿਮ ਸਿੱਖ ਖਾੜਕੂ ਆਗੂਆਂ ਨੂੰ ਮਰਵਾਉਣ ਅਤੇ ਫੜਾਉਣ ਵਿਚ ਨਿਭਾਈ ਗਈ ਭੂਮਿਕਾ ਬਾਰੇ ਵੀ ਗਿਆਨ ਹੋ ਚੁਕਾ ਹੈ।

ਮੇਰੀਆਂ ਲਿਖਤਾਂ ਦੇ ਪ੍ਰਕਾਸ਼ਕ ਮਿੱਤਰ ਅਤੇ ਦਮਦਮੀ ਟਕਸਾਲ ਦੇ ਸਿੰਘ ਨਾਲ ਮੇਰੀ ਗਾਹੇ-ਬਗਾਹੇ ਗੱਲਬਾਤ ਹੁੰਦੀ ਰਹੀ ਹੈ ਪਰ ਸਾਰੇ ਜਣੇ ਸਭ ਕੁਝ ਜਾਣਦੇ ਹੋਏ ਵੀ ਬਿੱਲੀ ਮੂਹਰੇ ਕਬੂਤਰ ਦੇ ਅੱਖਾਂ ਮੀਟਣ ਵਾਂਗ ‘ਸਭ ਅੱਛਾ ਹੈ’ ਦੀ ਰੱਟ ਲਗਾ ਦਿੰਦੇ ਹਨ। ਥੋੜ੍ਹੇ ਦਿਨ ਪਹਿਲਾਂ ਮੇਰੀਆਂ ਕਿਤਾਬਾਂ ਦੇ ਇਸ ਪ੍ਰਕਾਸ਼ਕ ਵੀਰ ਨੂੰ ਪੰਜਾਬ ਪੁਲਿਸ ਨੇ ਧਿੰਗੋਜੋਰੀ ਕਿਸੇ ਕੇਸ ਵਿਚ ਭਾਈ ਨਰੈਣ ਸਿੰਘ ਚੌੜੇ ਅਤੇ ਭਾਈ ਪਾਲਾ ਸਿੰਘ ਫਰਾਂਸ ਨਾਲ ਜੋੜਦਿਆਂ ਹੋਇਆਂ ਚੁੱਕ ਲਿਆ। ਵਿਚਾਰਾ ਪ੍ਰਕਾਸ਼ਕ ਵੀਰ ਤਾਂ ਬਿੱਲੀ ਦੇ ਸੋਟੀ ਮਾਰਨ ਜੋਗਾ ਵੀ ਨਹੀਂ-ਨਿਹਾਇਤ ਸ਼ਰੀਫ ਤੇ ਨਰਮ ਸੁਭਾਅ ਦਾ ਬੰਦਾ। ਦਮਦਮੀ ਟਕਸਾਲ ਦੇ ਕੁਝ ਪ੍ਰਤਿਸ਼ਠਿਤ ਅਤੇ ਅਸਰ-ਰਸੂਖ ਵਾਲੇ ਸਿੰਘਾਂ ਦੀ ਸਿਫਾਰਸ਼ ਅਤੇ ਭਿੰਡਰਾਂਵਾਲੇ ਸਿੱਖ ਯੂਥ ਫੈਡਰੇਸ਼ਨ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲੇ ਦੀ ਭੱਜ-ਦੌੜ ਸਦਕਾ ਪੁਲਿਸ ਨੇ ਇਕ ਵਾਰ ਇਸ ਪ੍ਰਕਾਸ਼ਕ ਭਾਈ ਨੂੰ ਛੱਡ ਵੀ ਦਿੱਤਾ। ਪ੍ਰਕਾਸ਼ਕ ਭਾਈ ਸਾਹਿਬ ਨੇ ਗਲਤੀ ਨਾਲ ਕਿਤੇ ਇਸ ਜਥੇਦਾਰ ਸਾਹਿਬ ਨੂੰ ਫੋਨ ਕਰ ਲਿਆ ਅਤੇ ਫਤਿਹ ਬੁਲਾਉਣ ਪਿਛੋਂ ਆਪਣੀ ਰਿਹਾਈ ਦੀ ਖਬਰ ਦੱਸੀ। ਅੱਗੋਂ ਜਵਾਬ ਮਿਲਿਆ, “ਤੂੰ ਜਲਦੀ ਨਾਲ ਸਵੇਰੇ ਤੜਕੇ ਮੈਨੂੰ ਜਲੰਧਰ ਆ ਕੇ ਮਿਲ, ਜ਼ਰੂਰੀ ਗੱਲ ਕਰਨੀ ਹੈ। ਹਾਂ, ਨਾਲ ਕਿਸੇ ਨੂੰ ਨਾ ਲਿਆਵੀਂ ਅਤੇ ਇਕੱਲਾ ਆਵੀਂ,” ਜਥੇਦਾਰ ਨੇ ਜ਼ਰੂਰੀ ਤਾਕੀਦ ਕੀਤੀ।

ਪ੍ਰਕਾਸ਼ਕ ਭਾਈ ਨੇ ਸੱਤ ਬਚਨ ਆਖਦਿਆਂ ਫੋਨ ਕੱਟ ਦਿੱਤਾ।

ਦੂਸਰੇ ਦਿਨ ਇਹ ਪ੍ਰਕਾਸ਼ਕ ਵੀਰ ਆਪਣੇ ਇਕ ਹੋਰ ਜਾਣੂ ਨੂੰ ਨਾਲ ਲੈ ਕੇ ਪਹਿਲੀ ਬੱਸੇ ਜਲੰਧਰ ਜਾ ਪਹੁੰਚਾ। ਹੋਇਆ ਉਹ ਜਿਹੜਾ ਕਦੇ ਕਿਸੇ ਨੇ ਕਿਆਸਿਆ ਵੀ ਨਹੀਂ ਸੀ।ਸਿੰਘ ਸਾਹਿਬ ਜੀ ਪ੍ਰਕਾਸ਼ਕ ਵੀਰ ਨੂੰ ਆਪਣੀ ਗੱਡੀ ‘ਚ ਬਿਠਾ ਕੇ ਸਿੱਧਾ ਇਕ ਵੱਡੇ ਪੁਲਿਸ ਅਫਸਰ ਦੇ ਘਰ ਜਾ ਉਤਰੇ ਜਿਥੇ ਪਹਿਲਾਂ ਹੀ ਕਈ ਪੁਲਿਸ ਅਫਸਰ ਪ੍ਰਕਾਸ਼ਕ ਵੀਰ ਦੇ ਸਵਾਗਤ ਲਈ ਹਾਜ਼ਰ ਸਨ। ਪੁਲਿਸ ਵਾਲਿਆਂ ਜੋ ਜੋ ਪੁਛਿਆ ਵਿਚਾਰੇ ਪ੍ਰਕਾਸ਼ਕ ਨੇ ਸਭ ਕੁਝ ਸੱਚੋ ਸੱਚ ਦੱਸ ਦਿੱਤਾ। ਅੰਮ੍ਰਿਤਧਾਰੀ ਗੁਰਸਿੱਖ ਪ੍ਰਕਾਸ਼ਕ ਵੀਰ ਨੂੰ ਪੁਲਿਸ ਅਫਸਰਾਂ ਨੇ ਭੂੰਜੇ ਬਿਠਾਉਂਦਿਆਂ ਕਿਰਪਾਨ ਲਾਹ ਦੇਣ ਦਾ ਹੁਕਮ ਦਿੱਤਾ। ਡੌਰ-ਭੌਰ ਹੋਏ ਪ੍ਰਕਾਸ਼ਕ ਭਾਈ ਨੇ ਬਘਿਆੜਾਂ ਵਿਚ ਫਸੀ ਬੱਕਰੀ ਵਾਂਗ ਰਹਿਮ ਦੀ ਆਸ ਨਾਲ ਸਿੰਘ ਸਾਹਿਬ ਵੱਲ ਵੇਖਿਆ। ਇਸ ਤੱਕਣੀ ਵਿਚ ਰਹਿਮ ਦੀ ਅਪੀਲ ਦੇ ਨਾਲ ਨਾਲ ਬਹੁੜੀ ਵੀ ਰਲੀ ਹੋਈ ਸੀ।

“ਲਾਹ ਦੇਹ ਓਇ ਗਾਤਰਾ-ਗੁਤਰਾ ਜਿਹਾ, ਜਿਮੇ ਤੇਰੇ ਇਹ ਪਿਓ ਕਹਿੰਦੇ ਐ ਉਮੇ ਕਰੀ ਜਾਹ,” ਸਿੰਘ ਸਾਹਿਬ ਗਰਜੇ।

ਉਹ ਨਾਲੋ ਨਾਲ ਨਮਕੀਨ ਕਾਜੂ ਵੀ ਛਕੀ ਜਾ ਰਹੇ ਸਨ। ਜਦੋਂਕਿ ਭੁੱਖਣ ਭਾਣਾ ਪ੍ਰਕਾਸ਼ਕ ਵੀਰ ਆਪਣੀ ਕਿਸਮਤ ਨੂੰ ਕੋਸ ਰਿਹਾ ਸੀ।“ਇਸ ਸਿੰਘ ਨੂੰ ਸੰਥਿਆ ਕਰਵਾ ਦਿਓ, ਇਸ ਦੀ ਸੰਥਿਆ ਹੋਣ ਵਾਲੀ ਹੈ,” ਕਹਿੰਦਿਆਂ ਜਥੇਦਾਰ ਜੀ ਪੁਲਿਸ ਵਾਲਿਆਂ ਕੋਲ ਵਿਚਾਰੇ ਗਰੀਬ ਪ੍ਰਕਾਸ਼ਕ ਨੂੰ ਛੱਡ ਕੇ ਰਫੂਚੱਕਰ ਹੋ ਗਏ। ਜਦੋਂ ਥਰ ਥਰ ਕੰਬਦੇ ਪ੍ਰਕਾਸ਼ਕ ਵੀਰ ਨੇ ਪੁਲਿਸ ਵਾਲਿਆਂ ਕੋਲ ਰਹਿਮ ਦਾ ਤਰਲਾ ਪਾਇਆ ਤਾਂ ਜਵਾਬ ਸੀ, “ਕਾਕਾ, ਅਸੀਂ ਕਿਹੜਾ ਤੈਨੂੰ ਆਪ ਫੜ ਕੇ ਲਿਆਏ ਹਾਂ, ਤੁਹਾਡਾ ਬਾਬਾ ਹੀ ਫੜ੍ਹਾ ਕੇ ਗਿਐ।” ਇਸ ਤੋਂ ਬਾਅਦ ਪੰਜਾਬ ਪੁਲਿਸ ਦੇ ਵੱਡੇ ਢਿੱਡਾਂ ਵਾਲੇ ਅੰਕਲਾਂ ਨੇ ਜਿਹੜੀ ਸੰਥਿਆ ਵਿਚਾਰੇ ਪ੍ਰਕਾਸ਼ਕ ਵੀਰ ਨੂੰ ਦਿੱਤੀ ਹੋਣੀ ਐ, ਉਹ ਆਪਣੇ ਤੋਂ ਕਿਸੇ ਤੋਂ ਭੁੱਲੀ ਨਹੀਂ। ਚਲੋ, ਖੈਰ! ਇਹ ਤਾਂ ਸੀ ਮੇਰੇ ਪ੍ਰਕਾਸ਼ਕ ਵੀਰ ਦੀ ਕਹਾਣੀ। ਅਜਿਹੀਆਂ ਹੋਰ ਹਜ਼ਾਰਾਂ ਕਹਾਣੀਆਂ ਅਣਕਹੀਆਂ ਹੀ ਪਈਆਂ ਹੋਣਗੀਆਂ, ਉਹ ਫੇਰ ਸਹੀ। ਪਰ ਪ੍ਰਭੂ ਚਰਨਾਂ ਅੱਗੇ ਅਰਦਾਸ ਹੈ ਕਿ ਉਪਰੋਕਤ ਜਥੇਦਾਰ ਵਰਗੇ ‘ਸਿੰਘ ਸਾਹਿਬਾਂ’ ਤੋਂ ਸਿੱਖ ਪੰਥ ਦਾ ਖਹਿੜਾ ਜ਼ਰੂਰ ਛੁਡਾ ਦੇਵੀਂ। ਮੇਰੀ ਇਕ ਗਜ਼ਲ ਦਾ ਸ਼ੇਅਰ ਅਰਜ਼ ਹੈ:

ਮੌਸਮ ਚਲੇ ਗਏ, ਕੁਝ ਰੰਗ ਬਦਲਾਏ ਗਏ,
ਦਿਲਾਂ ਬਦਲੇ ਦਰਦ ਕੁਝ ਇਸ ਤਰ੍ਹਾਂ ਵਟਾਏ ਗਏ।
ਹੋਰ ਕੁਝ ਨਾ ਬਚਿਆ, ਖਿੰਡਿਆ ਜਦ ਕਾਫਲਾ,
ਦੋਹਾਂ ਧਿਰਾਂ ਵਿਚੋਂ ਕੁਝ ਆਦਮੀ ਪਰਤਿਆਏ ਗਏ।