-ਅਮਰਦੀਪ ਸਿੰਘ ਅਮਰ
ਅੱਜ ਦਾ ਜ਼ਮਾਨਾ ਇੰਟਰਨੈਟ ਦਾ ਹੈ। ਇੰਟਰਨੈਟ, ਮੋਬਾਈਲ ਫ਼ੋਨ ਵਰਗੀਆਂ ਤਕਨੀਕੀ ਕਾਢਾਂ ਨੇ ਹਰ ਕੰਮ ਅਤੇ ਹਰ ਵਰਗ ਉਤੇ ਆਪਣਾ ਅਸਰ ਛੱਡਿਆ ਹੈ। ਹੋਰ ਕੰਮਾਂ ਦੇ ਨਾਲ-ਨਾਲ ਆਸ਼ਕੀ ਦੇ ਪ੍ਰੇਮ ਸੁਨੇਹੇ, ਪ੍ਰੇਮ ਪੱਤਰ ਅਤੇ ਅੱਡੇ ਵੀ ਨਵੇਂ ਤਕਨੀਕੀ ਸਾਧਨਾਂ ਤੋਂ ਪ੍ਰਭਾਵਤ ਹੋਏ ਬਗ਼ੈਰ ਨਹੀਂ ਰਹਿ ਸਕੇ। ਪ੍ਰੇਮ ਪੱਤਰਾਂ ਦੀ ਥਾਂ ਈ-ਮੇਲ ਤੇ ਸ਼ਾਰਟ ਮੈਸੇਜਿਜ਼ ਨੇ ਲੈ ਲਈ ਹੈ ਅਤੇ ਸੁਨੇਹਿਆਂ ਦੀ ਥਾਂ ਮਿਸਡ ਕਾਲਾਂ ਦਾ ਰਿਵਾਜ ਪ੍ਰਚੱਲਤ ਹੋ ਚੁੱਕਾ ਹੈ। ਕਿਸੇ ਸੱਚ ਹੀ ਕਿਹਾ ਹੈ, “ਤੁਸੀਂ ਚਿੱਠੀਆਂ ਪਾਉਣੀਆਂ ਭੁੱਲਗੇ, ਜਦੋਂ ਦਾ ਟੈਲੀਫ਼ੋਨ ਲੱਗਿਆ।” ਕੋਈ ਵਕਤ ਹੁੰਦਾ ਸੀ ਜਦੋਂ ਆਸ਼ਕੀ ਕਰਨ ਵਾਲੇ ਸੱਜਣਾਂ ਦੇ ਸਾਧਨ ਸੀਮਤ ਹੋਇਆ ਕਰਦੇ ਸਨ। ਮੂੰਹੋ-ਮੂੰਹੀਂ ਸੁਨੇਹੇ ਹੀ ਦਿੱਤੇ ਜਾਇਆ ਕਰਦੇ ਸਨ। ਕਈ ਵਾਰ ਸੁਨੇਹਾ ਲੈ ਕੇ ਜਾਣ ਵਾਲਾ ਸੱਜਣ ਹੀ ਮਣਾਂ-ਮੂੰਹੀਂ ਭਾਰਾ ਹੋ ਜਾਇਆ ਕਰਦਾ ਸੀ। ਮਸ਼ਹੂਰ ਲੋਕ-ਗਾਥਾ ਮਿਰਜ਼ਾ-ਸਾਹਿਬਾਂ ਵਿਚ ਸਾਹਿਬਾਂ ਦਾ ਸੁਨੇਹਾ ਮਿਰਜ਼ੇ ਕੋਲ ਪਹੁੰਚਾਣ ਵਾਲਾ ਕਰਮੂ ਬ੍ਰਾਹਮਣ ਹੀ ਸਾਹਿਬਾਂ ‘ਤੇ ਲੱਟੂ ਹੋ ਗਿਆ ਸੀ। ਉਹ ਤਾਂ ਸ਼ੁਕਰ ਕਰੋ ਕਿ ਸਾਹਿਬਾਂ ਜੱਟੀ ਹੀ ਤਕੜੇ ਜਬ੍ਹੇ ਵਾਲੀ ਨਿਕਲੀ, ਨਹੀਂ ਤਾਂ ਕਹਾਣੀ ਦਾ ਮੂੰਹ ਮੁਹਾਂਦਰਾ ਹੀ ਹੋਰ ਹੋ ਜਾਣਾ ਸੀ। ਮਿਰਜ਼ੇ ਨੇ ਜੰਡ ਥੱਲੇ ਵੱਢੇ ਜਾਣ ਦੀ ਬਜਾਏ ਘਰੇ ਪਸ਼ੂਆਂ ਨੂੰ ਗੁਤਾਵਾ ਕਰਦੇ ਫਿਰਨਾ ਸੀ ਅਤੇ ਜੱਟੀ ਸਾਹਿਬਾਂ ਨੇ ਕਾਨੀਆਂ ਭੰਨ੍ਹਣ ਦੀ ਬਜਾਏ ‘ਹਰੀ ਓਮ ਹਰੀ ਓਮ’ ਕਰਦੀ ਨੇ ਜਜ਼ਮਾਨ ਦੀ ਖ਼ੀਰ ਸਾਂਭਦੇ ਫਿਰਨਾ ਸੀ।
ਇਸੇ ਕਿੱਸੇ ਵਿਚ ਸਿਆਲੀਂ ਪਹੁੰਚ ਕੇ ਮਿਰਜ਼ਾ ਮਾਸੀ ਬੀਬੋ ਨੂੰ ਸੁਨੇਹਾ ਦੇ ਕੇ ਸਾਹਿਬਾਂ ਨੂੰ ਮਿਲਣ ਲਈ ਉਹਦੇ ਘਰੇ ਸੱਦਦਾ ਹੈ। ਮਾੜਾ ਭਾਵੇਂ ਚੰਗਾ, ਇਹ ਵੱਖਰਾ ਵਿਸ਼ਾ ਹੈ ਪਰ ਮਾਸੀ ਬੀਬੋ ਦੇ ਰੋਲ ਨੂੰ ਕਿਵੇਂ ਵੀ ਕਿੱਸੇ ਵਿਚੋਂ ਘਟਾ ਕੇ ਨਹੀਂ ਦੇਖਿਆ ਜਾ ਸਕਦਾ। ਚਲੋ ਖ਼ੈਰ, ਇਹ ਤਾਂ ਬਹੁਤ ਪੁਰਾਣੇ ਵਕਤਾਂ ਦੀਆਂ ਗੱਲਾਂ ਰਹੀਆਂ! ਫਿਰ ਸਮਾਂ ਕੁਝ ਬਦਲਿਆ। ਮੂੰਹੋਂ-ਮੂੰਹੀਂ ਦਿੱਤੇ ਜਾਣ ਵਾਲੇ ਪ੍ਰੇਮ ਸੁਨੇਹੜੇ ਬੰਦ ਹੋਏ। ਇਨ੍ਹਾਂ ਦੀ ਥਾਂ ਪ੍ਰੇਮ ਪੱਤਰ, ਬਾਜ਼ਾਰ-ਇ-ਇਸ਼ਕ ਵਿਚ ਆਪਣਾ ਜਲਵਾ ਦਿਖਾਉਣ ਲੱਗੇ। ਉਤਲੇ ਚੁਬਾਰੇ ਵਿਚ ਲਾਲਟੈਣ ਦੇ ਮੱਠੇ-ਮੱਠੇ ਚਾਨਣ ਵਿਚ ਬਹਿ ਕੇ ਪੜ੍ਹਨ ਦੇ ਬਹਾਨੇ ਚਿੱਠੀਆਂ ਲਿਖਣ ਵਾਲੀਆਂ ਅੱਲ੍ਹੜਾਂ ਦੇ ਬੋਲ ਸਾਡੇ ਲੋਕ-ਗੀਤਾਂ ਵਿਚ ਅਕਸਰ ਹੀ ਸੁਣਨ ਨੂੰ ਮਿਲਦੇ ਹਨ:
ਅੱਧੀ ਰਾਤ ਤਕ ਮੈਂ ਪੜ੍ਹਦੀ ਵੇ,
ਤੈਨੂੰ ਚਿੱਠੀਆਂ ਲਿਖਣ ਦੀ ਮਾਰੀ।
ਅੱਗਿਓਂ ਹਰ ਵਰ੍ਹੇ ਇਮਤਿਹਾਨ ਵਿਚੋਂ ਫੇਲ੍ਹ ਹੋਣ ਵਾਲੇ ਸ੍ਰੀਮਾਨ ਜੀ ਵੀ ਆਪਣਾ ਦੁਖੜਾ ਰੋਂਦੇ ਹੋਏ ਫੇਲ੍ਹ ਹੋਣ ਦੇ ਅਸਲੀ ਕਾਰਨ ਦੱਸਦੇ ਹਨ:
ਕਹਿਣ ਵਜ਼ੀਫ਼ਾ ਲੈਜੂਗਾ,
ਪਰ ਮੈਂ ਫੇਲ੍ਹ ਹਰ ਵਾਰੀ।
ਹੌਲੀ ਬੋਲ ਕੋਈ ਸੁਣ ਨਾ ਲਵੇ,
ਨੀ ਹੈਗੀ ਸਾਨੂੰ ਵੀ ਇਹੋ ਬੀਮਾਰੀ।
ਜਾਂ ਫਿਰ ਨਵੀਂ-ਨਵੀਂ ਮੁਟਿਆਰ ਹੋਈ ਕੋਈ ਕਿਸੇ ਅਨਜਾਣ ਨੂੰ ਸੁਣਾ ਕੇ ਕਹਿੰਦੀ ਹੈ:
ਰਤਨਾ, ਰਤਨਗੜ੍ਹ ਕੋਲੋਂ ਕੋਲੀਂ ਡੇਹਲੋਂ ਲਗਦਾ ਥਾਣਾ
ਥਾਣੇ ਵਾਲੇ ਮਾਰਨ ਅੱਖੀਆਂ ਮੈਂ ਨਿਆਣੀ ਕੀ ਜਾਣਾ!
ਜਦ ਮੈਂ ਹੋ ਗਈ ਸਮਝਣ ਜੋਗੀ ਉਦੋਂ ਬਦਲ ਗਿਆ ਥਾਣਾ
ਚਿੱਠੀਆਂ ਮੈਂ ਲਿਖਦੀ ਪੜ੍ਹ ਮੁੰਡਿਆ ਅਨਜਾਣਾ…।
ਪ੍ਰੇਮ ਪੱਤਰ ਦੀ ਇਬਾਰਤ ਵੀ ਆਪਣੇ ਕਿਸਮ ਦੀ ਆਪ ਹੀ ਹੋਇਆ ਕਰਦੀ ਸੀ। ਸਾਰੇ ਦੇ ਸਾਰੇ ਪ੍ਰੇਮ ਪੱਤਰ ਵਿਚ ਹੋਰ ਕੁਝ ਹੋਵੇ ਚਾਹੇ ਨਾ, ਪਰ ਅਤਿਕਥਨੀ ਅਲੰਕਾਰ ਦੀ ਭਰਪੂਰ ਵਰਤੋਂ ਕੀਤੀ ਜਾਂਦੀ ਸੀ। ਮਹਿਬੂਬ ਦੀਆਂ ਜ਼ੁਲਫ਼ਾਂ ਸਾਵਣ ਦੀਆਂ ਕਾਲੀਆਂ ਘਟਾਵਾਂ, ਅੱਖਾਂ ਸ਼ਰਾਬ ਦੇ ਕੌਲ, ਬੁੱਲ੍ਹ ਗੁਲਾਬ ਦੀਆਂ ਪੱਤੀਆਂ, ਧੌਣ ਸੁਰਾਹੀ ਵਰਗੀ ਅਤੇ ਪਤਾ ਨਹੀਂ ਕੀ ਕੁਝ ਹੋਰ…! ਗੱਲ ਕੀ, ਫੂਕ ਛਕਾਉਣ ਦੀ ਕੋਈ ਵੀ ਘਾਟ ਬਾਕੀ ਨਹੀਂ ਸੀ ਛੱਡੀ ਜਾਂਦੀ। ਜੇਕਰ ਪ੍ਰੇਮ ਪੱਤਰ ਵਿਚ ਸ਼ੇਅਰ-ਓ-ਸ਼ਾਇਰੀ ਨਾ ਕੀਤੀ ਗਈ ਹੋਵੇ ਤਾਂ ਉਹ ਕਾਹਦਾ ਪ੍ਰੇਮ ਪੱਤਰ ਹੋਇਆ ਭਲਾ? ਤੇ ਸ਼ੇਅਰ ਵੀ ਐਸੇ ਕਿ ਮਿਰਜ਼ਾ ਗ਼ਾਲਿਬ ਵੀ ਮੂੰਹ ਵਿਚ ਉਂਗਲੀ ਪਾ ਲਵੇ, ‘ਚਿੱਟਾ ਸੂਟ ਉਤੇ ਫੁੱਲ ਕਢਾਈ ਦਾ, ਇਕ ਤੇਰੀ ਯਾਦ ਸਤਾਵੇ ਦੂਜਾ ਫ਼ਿਕਰ ਪੜ੍ਹਾਈ ਦਾ।’
ਇਕ ਹੋਰ ਵੰਨਗੀ ਦੇਖੋ:
ਰੌਸ਼ਨੀ ਚਾਂਦ ਸੇ ਹੋਤੀ ਹੈ ਸਿਤਾਰੋਂ ਸੇ ਨਹੀਂ,
ਦੋਸਤੀ ਏਕ ਸੇ ਹੋਤੀ ਹੈ ਹਜ਼ਾਰੋਂ ਸੇ ਨਹੀਂ।
ਪ੍ਰੇਮ ਪੱਤਰਾਂ ਦਾ ਵਟਾਂਦਰਾ ਕਰਨ ਵਾਲੇ ਬਹੁਤੇ ਆਸ਼ਕ ਵੀਰ ਪ੍ਰੇਮ ਪੱਤਰ ਲਿਖਣ ਵਿਚ ਮਾਹਰ ਵੀ ਹੋਣ, ਇਹ ਕੋਈ ਜ਼ਰੂਰੀ ਨਹੀਂ। ਅਕਸਰ ਇਹ ਸੇਵਾ ਸਾਰੇ ਪਿੰਡ ਵਿਚੋਂ ਇਕ-ਅੱਧੇ ਪੜ੍ਹੇ-ਲਿਖੇ ਮੰਨੇ ਜਾਂਦੇ ਗੱਭਰੂ ਦੇ ਹਿੱਸੇ ਹੀ ਆਉਂਦੀ। ਅੰਨ੍ਹਿਆਂ ਵਿਚ ਕਾਣੇ ਰਾਜੇ ਦੀ ਤਰ੍ਹਾਂ ਅਜਿਹੇ ਗੱਭਰੂ ਦੀ ਸਾਰੇ ਪਿੰਡ ਦੇ ਮੁੰਡਿਆਂ ਵਿਚ ਟ੍ਹੌਰ ਤਾਂ ਫੁੱਲ ਹੁੰਦੀ ਅਤੇ ਅਜਿਹੇ ਵੇਦ-ਵਿਆਸਾਂ ਸਦਕਾ ਕਈ ਮਿੱਤਰ ਪਿਆਰਿਆਂ ਦੀਆਂ ਪ੍ਰੇਮ ਗੁੱਡੀਆਂ ਇਸ਼ਕੇ ਦੇ ਅਕਾਸ਼ੀਂ ਉਡਾਰੀਆਂ ਮਾਰਨ ਲੱਗ ਜਾਂਦੀਆਂ ਪਰ ਇਹ ਵੀ ਕੌੜਾ ਸੱਚ ਸੀ ਕਿ ਅਜਿਹੇ ਪ੍ਰੇਮ ਪੱਤਰ ਲੇਖਕ ਆਪ ਲੋਕਾਂ ਦੇ ਪੇਚੇ ਲੜਦੇ ਦੇਖ ਕੇ ਤਾੜੀਆਂ ਮਾਰਨ ਜਾਂ ਫਿਰ ਝੂਰਨ ਜੋਗੇ ਹੀ ਰਹਿ ਜਾਂਦੇ। ਇਕ ਹੋਰ ਮੁੱਖ ਸਮੱਸਿਆ ਪ੍ਰੇਮ ਪੱਤਰ ਨੂੰ ਆਪਣੀ ਮੰਜ਼ਿਲ ਤਕ ਪਹੁੰਚਦਾ ਕਰਨ ਦੀ ਹੁੰਦੀ। ਇਸ ਸਮੱਸਿਆ ਦੇ ਹੱਲ ਦੇ ਕਈ ਢੰਗ-ਤਰੀਕੇ ਸਨ ਜਿਵੇਂ ਮਹਿਬੂਬਾ ਦੀ ਪਾਥੀਆਂ ਪੱਥਣ ਵਾਲੀ ਪਥਕਣ ਦੀ ਫਲਾਣਾ ਨੰਬਰ ਕਤਾਰ ਦੀ ਫਲਾਣਾ ਨੰਬਰ ਪਾਥੀ ਦੇ ਹੇਠਾਂ ਪ੍ਰੇਮ ਪੱਤਰ ਰੱਖਣਾ ਪੈਂਦਾ ਅਤੇ ਨਿਸ਼ਾਨੀ ਵਜੋਂ ਉਸ ਉਪਰ ਕੋਈ ਨਾ ਕੋਈ ਡੱਕਾ ਵਗੈਰਾ ਗੱਡਣਾ ਪੈਂਦਾ। ਪੜ੍ਹੇ-ਲਿਖੇ ਆਸ਼ਕ ਪ੍ਰੇਮ ਪੱਤਰ ਆਪਣੀਆਂ ਕਿਤਾਬਾਂ-ਕਾਪੀਆਂ ਵਿਚ ਲੁਕਾ ਕੇ ਵੀ ਪਹੁੰਚਦੇ ਕਰ ਦਿਆ ਕਰਦੇ ਸਨ। ਕਈ ਵਾਰ ਆਪਣੇ ਤੋਂ ਤਿੰਨ-ਚਾਰ ਵਰ੍ਹੇ ਛੋਟੇ ਨਿਆਣੇ ਤੋਂ ਡਾਕੀਏ ਦਾ ਕੰਮ ਵੀ ਲੈ ਲਿਆ ਜਾਂਦਾ। ਡਾਕੀਆ ਸਾਹਿਬ ਦੀ ਪੂਰੀ ਚਾਂਦੀ ਹੋਇਆ ਕਰਦੀ। ਵੱਡੇ-ਵੱਡੇ ਨਾਢੂ ਖ਼ਾਂ ਵੀ ਡਾਕੀਏ ਦਾ ਪਾਣੀ ਭਰਦੇ। ਉਸ ਦੀ ਹਰ ਲੋੜ ਦਾ ਪੂਰਾ ਪੂਰਾ ਧਿਆਨ ਰੱਖਦੇ। ਡਾਕੀਏ ਦੀਆਂ ਜੇਬਾਂ ਅਕਸਰ ਰਿਓੜੀਆਂ, ਪਕੌੜੀਆਂ ਅਤੇ ਮਿੱਠੀਆਂ ਗੋਲੀਆਂ ਨਾਲ ਭਰੀਆਂ ਰਹਿੰਦੀਆਂ। ਕਈ ਵਾਰ ਲੈਣੇ ਦੇ ਦੇਣੇ ਵੀ ਪੈ ਜਾਇਆ ਕਰਦੇ ਸਨ। ਕੁਝ ਉਮਰੋਂ ਪਹਿਲਾਂ ਜਵਾਨ ਹੋ ਰਹੇ ਸ਼ਾਤਿਰ ਦਿਮਾਗ਼ ਡਾਕੀਏ ਚਿੱਠੀਆਂ ਫੜਾਉਂਦੇ-ਫੜਾਉਂਦੇ ਆਪਣਾ ਹੀ ਟਾਂਕਾ ਫਿੱਟ ਕਰ ਜਾਂਦੇ ਅਤੇ ਆਸ਼ਕ ਭਰਾ ਜੀ ਵਿਚਾਰੇ ਹੱਥ ਮਲਣ ਜਾਂ ਫਿਰ ਦੁੱਧ ਵਾਲੀ ਕਾੜ੍ਹਨੀ ਵਾਂਗ ਆਪਣੇ ਹੀ ਕੰਢੇ ਸਾੜਨ ਜੋਗੇ ਰਹਿ ਜਾਂਦੇ।
ਹੁਣ ਤੁਸੀਂ ਸੋਚਦੇ ਹੋਵੋਗੇ ਕਿ ਇਸ ਲੇਖ ਦਾ ਇਸ ਦੇ ਸਿਰਲੇਖ ਨਾਲ ਕੀ ਸਬੰਧ ਹੋਇਐ? ਸਬੰਧ ਹੈ। ਜਿਸ ਤਰ੍ਹਾਂ ਪੁਰਾਣੇ ਜ਼ਮਾਨੇ ਵਿਚ ਸੁਖ-ਸੁਨੇਹੇ ਤੇ ਪ੍ਰੇਮ ਪੱਤਰਾਂ ਦਾ ਵਟਾਂਦਰਾ ਕਰਨਾ ਸੌਖਾ ਕੰਮ ਨਹੀਂ ਸੀ, ਉਸੇ ਤਰ੍ਹਾਂ ਆਸ਼ਕ-ਮਾਸ਼ੂਕ ਦੇ ਮੇਲ-ਮਿਲਾਪ ਵੀ ਸੌਖਿਆਂ ਨਹੀਂ ਸਨ ਹੁੰਦੇ। ਅੱਜ ਕੱਲ੍ਹ ਵਾਂਗ ਉਸ ਸਮੇਂ ਦੇ ਆਸ਼ਕ ਪਾਰਕਾਂ, ਮੋਟਲਾਂ, ਸਿਨੇਮਾਘਰਾਂ ਆਦਿ ਵਿਚ ਨਹੀਂ ਸਨ ਮਿਲਿਆ ਕਰਦੇ ਸਗੋਂ ਪਿੰਡ ਦਾ ਕੋਈ ਵੀਰਾਨ ਖੂਹ, ਟੋਭਾ, ਟੁੱਟਿਆ-ਭੱਜਿਆ ਜਿਹਾ ਕੋਈ ਖੋਲਾ, ਨਿਆਈਂ ਵਾਲਾ ਖੇਤ, ਜਾਂ ਫਿਰ ਪਿੰਡ ਵਿਚਾਲੇ ਪੈਂਦੀ ਕੋਈ ਭੀੜੀ ਗਲੀ ਅਜਿਹਾ ਟਿਕਾਣਾ ਹੁੰਦਾ। ਟਾਕਰੇ ਅਕਸਰ ਭੀੜੀ ਗਲੀ ਵਿਚ ਹੀ ਹੋਇਆ ਕਰਦੇ ਜਾਂ ਕੀਤੇ ਜਾਂਦੇ।
ਮੇਰੇ ਨਾਨਕੇ ਪਿੰਡ ਵੀ ਅਜਿਹੀ ਹੀ ਭੀੜੀ ਗਲੀ ਨਾਨਕਿਆਂ ਦੇ ਘਰ ਕੋਲ ਹੀ ਹੁੰਦੀ ਸੀ। ਮੇਰਾ ਨਾਨਕਾ ਪਿੰਡ ਜ਼ਿਲ੍ਹਾ ਮੋਗਾ ਵਿਚ ਪੈਂਦਾ ਹੈ। ਗਰਮੀਆਂ ਦੀਆਂ ਛੁੱਟੀਆਂ ਵਿਚ ਅਕਸਰ ਹੀ ਨਾਨਕੇ ਪਿੰਡ ਜਾਂਦੇ। ਚੰਗੀ ਤਰ੍ਹਾਂ ਨਾਲ ਯਾਦ ਹੈ ਕਿ ਮੈਂ ਉਦੋਂ ਦੂਜੀ ਜਾਂ ਤੀਜੀ ਜਮਾਤ ਵਿਚ ਸਾਂ। ਗਰਮੀਆਂ ਦੀਆਂ ਛੁੱਟੀਆਂ ‘ਚ ਨਾਨਕੇ ਪਿੰਡ ਗਿਆ ਹੋਇਆ ਸਾਂ। ਇਕ ਦਿਨ ਤੜਕੇ-ਤੜਕੇ ਹੀ ਮੈਂ ਆਪਣੀ ਨਾਨੀ ਕੋਲੋਂ ਰੋ-ਪਿੱਟ ਕੇ ਧੇਲੀ ਜਾਂ ਪੱਚੀ ਪੈਸੇ ਫੜ੍ਹ ਕੇ ਗਿਆਨ ਦੀ ਹੱਟੀ ਤੋਂ ਮਿੱਠੀਆਂ ਗੋਲੀਆਂ ਲੈਣ ਚੱਲ ਪਿਆ। ਗਿਆਨ ਦੀ ਹੱਟੀ ਨੂੰ ਜਾਂਦਿਆਂ ਭੀੜੀ ਗਲੀ ਵਿਚੋਂ ਲੰਘਣਾ ਪੈਂਦਾ ਸੀ। ਗਰਮੀਆਂ ਦੇ ਦਿਨ ਸਨ ਤੇ ਮੈਂ ਮਟਕ-ਮਟਕ ਭੀੜੀ ਗਲੀ ਵਿਚ ਪੈਰ ਰੱਖਿਆ। ਗਲੀ ਸੁੰਨਸਾਨ ਸੀ। ਗਲੀ ਦੇ ਦੂਜੇ ਪਾਸੇ ਪ੍ਰੇਮੀ ਜੋੜਾ ਹੱਥਾਂ ਵਿਚ ਹੱਥ ਪਾਈ ਖੜ੍ਹਾ ਸੀ। ਗੱਭਰੂ ਭੀੜੀ ਗਲੀ ਵਿਚ ਖੜ੍ਹਾ ਸੀ ਅਤੇ ਮੁਟਿਆਰ ਕਿਸੇ ਦੇ ਘਰ ਵਿਚੋਂ ਕੱਚੀ ਕੰਧ ਤੋਂ ਗੱਭਰੂ ਵੱਲ ਉਲਰੀ ਖੜ੍ਹੀ ਸੀ। ਬਾਹਾਂ ਵਿਚ ਪਾਇਆ ਲਾਲ ਚੂੜਾ ਇਸ ਗੱਲ ਦਾ ਪ੍ਰਤੀਕ ਸੀ ਕਿ ਕੁੜੀ ਨਵ-ਵਿਆਹੀ ਸੀ ਜੋ ਸ਼ਾਇਦ ਸਹੁਰਿਆਂ ਤੋਂ ਪਹਿਲਾ ਜਾਂ ਦੂਜਾ ਫੇਰਾ ਪਾ ਕੇ ਪਰਤੀ ਸੀ। ਦੋਵੇਂ ਆਪਸ ਵਿਚ ਫੁਸਫੁਸਾਹਟੀ ਅੰਦਾਜ਼ ਵਿਚ ਗੱਲਾਂ ਕਰ ਰਹੇ ਸਨ ਅਤੇ ਕੁੜੀ ਦੇ ਹੰਝੂ ਤ੍ਰਿਪ-ਤ੍ਰਿਪ ਮੁੰਡੇ ਦੇ ਹੱਥਾਂ ‘ਤੇ ਡਿੱਗ ਰਹੇ ਸਨ। “ਕੋਈ ਗੱਲ ਨਹੀਂ…ਇਹ ਤਾਂ ਇਕ ਦਿਨ ਹੋਣਾ ਹੀ ਸੀ”, ਮੁੰਡਾ ਕੁੜੀ ਨੂੰ ਹੌਸਲਾ ਦੇ ਰਿਹਾ ਸੀ। ਜਦ ਮੈਂ ਕੋਲੋਂ ਲੰਘਣ ਲੱਗਿਆ ਤਾਂ ਮੁੰਡੇ ਦੀ ਨਿਗ੍ਹਾ ਮੇਰੇ ‘ਤੇ ਪਈ। ਉਸ ਨੇ ਮੇਰੇ ਵੱਲ ਵੇਖਦਿਆਂ ਕਿਹਾ, “ਕਿਮੇ ਆ ਆੜੀ?” ਮੈਂ ਬਿਨਾਂ ਜਵਾਬ ਦਿੱਤਿਆਂ ਅੱਗੇ ਲੰਘ ਗਿਆ। ਉਦੋਂ ਮੈਨੂੰ ਇਹ ਗੱਲ ਤੰਗ ਕਰਦੀ ਰਹੀ ਕਿ ਆਖ਼ਰ ਇਹ ਕੁੜੀ ਰੋਂਦੀ ਕਿਉਂ ਸੀ? ਕਾਫ਼ੀ ਸਮੇਂ ਬਾਅਦ ਪਤਾ ਲੱਗਾ ਕਿ “ਲੱਗੀਆਂ ਦੇ ਦੁੱਖ ਚੰਦਰੇ” ਹੁੰਦੇ ਹਨ।
ਅੱਜ ਜ਼ਮਾਨਾ ਬਹੁਤ ਅਗਾਂਹ ਵਧ ਚੁੱਕਾ ਹੈ। ਆਦਮੀ ਚੰਦ ‘ਤੇ ਚੜ੍ਹ ਚੁੱਕਾ ਹੈ। ਆਸ਼ਕ ਪਿੱਪਲਾਂ, ਖੂਹਾਂ, ਟੋਭਿਆਂ ਅਤੇ ਭੀੜੀਆਂ ਗਲੀਆਂ ਵਿਚ ਨਹੀਂ ਮਿਲਦੇ। ਮੋਬਾਈਲ ਫ਼ੋਨ, ਇੰਟਰਨੈਟ ਵਰਗੇ ਸਾਧਨਾਂ ਨੇ ਪ੍ਰੇਮ ਪੱਤਰਾਂ ਅਤੇ ਸੁਖ-ਸੁਨੇਹੜਿਆਂ ਨੂੰ ਅਲਵਿਦਾ ਆਖ ਦਿੱਤਾ ਹੈ। ਨਵੀਂ ਤਕਨੀਕ ਦੇ ਸਹਾਰੇ ਪ੍ਰੇਮ ਰਿਸ਼ਤੇ ਪਲਾਂ ਵਿਚ ਪੈਦਾ ਹੁੰਦੇ ਹਨ। ਕੁਝ ਕੁ ਸਮੇਂ ਬਾਅਦ ਪੱਬਾਂ-ਕਲੱਬਾਂ ਤੇ ਮੋਟਲਾਂ-ਹੋਟਲਾਂ ਵਿਚ ਮਿਲਾਪ ਹੁੰਦੇ ਹਨ ਅਤੇ ਕਾਮ ਦੀ ਹਨ੍ਹੇਰੀ ਦੇ ਤੇਜ਼ ਬੁੱਲੇ ਬਾਅਦ ਸਭ ਕੁਝ ਤੀਲਿਆਂ ਦੇ ਆਲ੍ਹਣੇ ਵਾਂਗ ਬਿਖਰ ਜਾਂਦਾ ਹੈ। ਸਭ ਕੁਝ ਤੇਜ਼ ਦੌੜ ਵਿਚ ਬਦਲ ਚੁੱਕਾ ਹੈ ਅਤੇ ਇਸ ਤੇਜ਼ ਰਫ਼ਤਾਰ ਵਿਚ ਭੀੜੀ ਗਲੀ ਵਿਚ ਖੜ੍ਹਨ ਦਾ ਸਮਾਂ ਕੀਹਦੇ ਕੋਲ ਹੈ?