Pages

Wednesday, May 4, 2011

"ਝੂਠ ਨਾ ਬੋਲ ਪਾਂਡੇ ਸੱਚੁ ਕਹੀਐ"

-ਅਮਰਦੀਪ ਸਿੰਘ 'ਅਮਰ'
ਪੰਜਾਬ ਟਾਈਮਜ਼ ਦੇ 18 ਸਤੰਬਰ, 2010 ਦੇ ਅੰਕ ਵਿਚ ਸੰਪਾਦਕ ਦੀ ਡਾਕ ਕਾਲਮ ਹੇਠ ਮਨਜਿੰਦਰ ਸਿੰਘ ਅਤੇ ਓਂਕਾਰ ਸਿੰਘ ਨਾਮੀ ਸੱਜਣਾਂ ਦੇ ਵਿਚਾਰ ਪੜ੍ਹਨ ਨੂੰ ਮਿਲੇ। ਇਹ ਵਿਚਾਰ ਇਕਪਾਸੜ ਸੋਚ ਉਤੇ ਆਧਾਰਤ ਹਨ। ਜੋ ਕੁਝ ਵੀ ਅਖੌਤੀ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਗਰੀਨਵੁਡ (ਇੰਡੀਆਨਾ) ਆਉਣ ਸਮੇਂ ਵਾਪਰਿਆ ਉਸ ਦਾ ਦੂਸਰਾ ਪਾਸਾ ਕੁਝ ਹੋਰ ਹੀ ਹੈ ਜੋ ਅਸੀਂ ਸਮੂਹ ਸਿੱਖ ਸੰਗਤਾਂ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ।


ਮਨਜਿੰਦਰ ਸਿੰਘ ਅਤੇ ਓਂਕਾਰ ਸਿੰਘ ਦੇ ਕਹਿਣ ਮੁਤਾਬਕ (ਬਾਬਾ) ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਹਾਜ਼ਰੀ ਭਰਨ ਵਾਲੇ ਦੀਵਾਨਾਂ ਵਿਚ ਦਮਦਮੀ ਟਕਸਾਲ ਦੇ ਕਥਾਵਾਚਕ ਤੇ ਲੇਖਕ ਅਖਵਾਉਣ ਵਾਲੇ ਕੁਝ ਲੋਕਾਂ ਨੇ ਰੁਕਾਵਟ ਪਾਈ ਅਤੇ ਸੰਗਤ ਵਿਚ ਮਿੱਠੀ ਚੀਜ਼ ਲੈ ਕੇ ਆਉਣ ਤੋਂ ਮਨ੍ਹਾਂ ਕਰ ਦਿੱਤਾ। ਅਸੀਂ ਇਥੇ ਸਪਸ਼ਟ ਕਰਨਾ ਚਾਹਵਾਂਗੇ ਕਿ ਅਸੀਂ ਸਿੱਖੀ ਪ੍ਰਚਾਰ ਦੇ ਖੇਤਰ ਵਿਚ ਆਪੋ ਆਪਣੇ ਤਰੀਕੇ ਨਾਲ ਹਿੱਸਾ ਪਾਉਣ ਵਾਲੀਆਂ ਸਾਰੀਆਂ ਸਿੱਖ ਸੰਸਥਾਵਾਂ (ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ) ਦਾ ਦਿਲੋਂ ਸਤਿਕਾਰ ਕਰਦੇ ਹਾਂ ਪਰ ਅਸੀਂ ਕਦੇ ਵੀ ਇਨ੍ਹਾਂ ਸੰਸਥਾਵਾਂ ਦੇ ਮੈਂਬਰ ਹੋਣ ਦਾ ਦਾਅਵਾ ਨਹੀਂ ਕੀਤਾ। ਅਸੀਂ ਪੰਥ ਪ੍ਰਵਾਣਿਤ ਰਹਿਤ ਮਰਿਆਦਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਰਬੋਤਮ ਮੰਨਦੇ ਹਾਂ।

ਜੋ ਲੋਕ ਇਹ ਦੂਸ਼ਣਬਾਜ਼ੀ ਕਰ ਰਹੇ ਹਨ ਕਿ ਅਸੀਂ ਸੰਸਥਾਵਾਂ ਦਾ ਨਾਂ ਵਰਤ ਕੇ ਆਪਣੇ ਆਪ ਨੂੰ ਕੱਟੜਵਾਦੀ ਰਹਿਤਵਾਦੀ ਅਖਵਾਉਂਦੇ ਹਾਂ ਤਾਂ ਸਾਡਾ ਉਨ੍ਹਾਂ ਨੂੰ ਚੈਲੰਜ ਹੈ ਕਿ ਉਹ ਇਸ ਗੱਲ ਦਾ ਕੋਈ ਸਬੂਤ ਦੇਣ। ਜੇ ਕੋਈ ਸਬੂਤ ਹੈ ਤਾਂ ਸੰਗਤਾਂ ਦੇ ਸਾਹਮਣੇ ਪੇਸ਼ ਕਰਨ। ਜਿਥੋਂ ਤੱਕ ਢੱਡਰੀਆਂ ਵਾਲੇ ਅਖੌਤੀ ਸੰਤ ਦੇ ਭਗੌੜੇ ਹੋਣ ਦਾ ਸਵਾਲ ਹੈ, ਉਹ ਤੱਥ ਕੁਝ ਇਸ ਤਰ੍ਹਾਂ ਹਨ:

ਢੱਡਰੀਆਂ ਵਾਲੇ ਸੰਤ ਦੇ ਆਉਣ ਤੋਂ ਪਹਿਲਾਂ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਲੋਂ ਇਕ ਮੀਟਿੰਗ ਵਿਚ ਵਿਚਾਰਾਂ ਕੀਤੀਆਂ ਗਈਆਂ ਸਨ ਕਿ ਇਸ ਸੰਤ ਦੇ ਕੁਝ ਗਿਣਤੀ ਦੇ ਚੇਲੇ ਅਤੇ ਸ਼ਰਧਾਲੂ ਉਸ ਦੇ ਦੀਵਾਨ ਗੁਰੂ ਘਰ ਵਿਚ ਲਗਵਾਉਣਾ ਚਾਹੁੰਦੇ ਹਨ। ਸਾਨੂੰ ਪੁੱਛਿਆ ਗਿਆ ਸੀ ਕਿ ਕੀ ਸਾਨੂੰ ਇਸ 'ਤੇ ਕੋਈ ਇਤਰਾਜ਼ ਤਾਂ ਨਹੀਂ? ਤਾਂ ਅਸੀਂ ਸਨਿਮਰ ਬੇਨਤੀ ਕੀਤੀ ਸੀ ਕਿ ਗੁਰਮਤਿ ਆਸ਼ੇ ਮੁਤਾਬਕ ਸਾਡੇ ਕੁਝ ਸਵਾਲ ਹਨ ਜੋ ਅਸੀਂ ਢੱਡਰੀਆਂ ਵਾਲੇ ਸੰਤ ਨੂੰ ਕਰਨਾ ਚਾਹਾਂਗੇ। ਜੇਕਰ ਉਹ ਇਨ੍ਹਾਂ ਦਾ ਉਤਰ ਦੇਣ ਤਾਂ ਅਸੀਂ ਸਮਾਗਮ ਵਿਚ ਕੋਈ ਦਖਲਅੰਦਾਜ਼ੀ ਨਹੀਂ ਕਰਾਂਗੇ। ਢੱਡਰੀਆਂ ਵਾਲੇ ਸੰਤ ਦੇ ਚੇਲਿਆਂ ਨੇ ਹਿੱਕ ਥਾਪੜ ਕੇ ਭਰੋਸਾ ਦਿੱਤਾ ਕਿ "ਬਾਬਾ ਜੀ ਜਿਥੇ ਕਹੋ ਤੁਹਾਡੇ ਨਾਲ ਵਿਚਾਰ ਕਰਨ ਲਈ ਬੈਠਣਗੇ।" ਇਸ ਸੰਤ ਦੇ ਚੇਲਿਆਂ ਨੇ ਇਥੋਂ ਤੱਕ ਫੜ੍ਹਾਂ ਮਾਰੀਆਂ ਕਿ ਜੇਕਰ ਉਹ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਤਾਂ ਅਸੀਂ ਉਨ੍ਹਾਂ ਨੂੰ ਸਿੱਖ ਵੀ ਨਹੀਂ ਮੰਨਾਗੇ। ਅਸੀਂ ਵਾਰ ਵਾਰ ਇਸ ਸੰਤ ਦੇ ਚੇਲਿਆਂ ਨੂੰ ਯਾਦ ਦਿਵਾਇਆ ਕਿ ਤੁਸੀਂ ਆਪਣੇ ਬਾਬੇ ਕੋਲੋਂ ਇਹ ਗੱਲ ਸਪਸ਼ਟ ਪੁੱਛ ਲਵੋ, ਫਿਰ ਕਿਸੇ ਕਿਸਮ ਦੀ ਬਹਾਨੇਬਾਜ਼ੀ ਨਾ ਕੀਤੀ ਜਾਵੇ ਕਿ 'ਬਾਬਾ ਜੀ ਟਰੈਫਿਕ ਵਿਚ ਫਸ ਕੇ ਲੇਟ ਹੋ ਗਏ' ਜਾਂ 'ਬਾਬਾ ਜੀ ਅਰਾਮ ਫੁਰਮਾ ਰਹੇ ਹਨ।' ਜਾਂ 'ਦੀਵਾਨ ਸਮਾਪਤੀ ਤੋਂ ਬਾਅਦ ਵਿਚ ਗੱਲ ਕਰ ਲਈ ਜਾਵੇਗੀ।' ਪਰ ਸੰਤ ਦੇ ਚੇਲੇ ਠੋਕ ਵਜਾ ਕੇ ਇਸ ਗੱਲ ਦੀ ਹਾਮੀ ਭਰਦੇ ਰਹੇ ਕਿ "ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੀਵਾਨ ਲਾਉਣ ਤੋਂ ਪਹਿਲਾਂ ਤੁਹਾਡੇ ਨਾਲ ਜ਼ਰੂਰ ਵਿਚਾਰ ਕਰਨਗੇ।"

ਇਸ ਮੀਟਿੰਗ ਵਿਚ ਇਹ ਮਤਾ ਵੀ ਪਾਸ ਕੀਤਾ ਗਿਆ ਕਿ ਅਖੰਡ ਪਾਠ ਦਾ ਭੋਗ ਭਾਈ ਸੁਖਦੇਵ ਸਿੰਘ ਬੱਬਰ, ਭਾਈ ਰਛਪਾਲ ਸਿੰਘ ਛੰਦੜਾਂ ਅਤੇ ਭਾਈ ਗੁਰਜੰਟ ਸਿੰਘ ਬੁੱਧਸਿੰਘ ਵਾਲਾ ਤੇ ਹੋਰ ਸ਼ਹੀਦਾਂ ਦੀ ਸ਼ਹੀਦੀ ਯਾਦ ਨੂੰ ਚੇਤੇ ਕਰਦਿਆਂ ਪਾਇਆ
ਜਾਏਗਾ ਅਤੇ ਗੁਰੂ ਕਾ ਲੰਗਰ ਸਾਦਾ ਰੱਖਿਆ ਜਾਵੇਗਾ। ਭਾਵ ਕੋਈ ਮਠਿਆਈ ਆਦਿਕ ਨਹੀਂ ਵਰਤਾਈ ਜਾਵੇਗੀ।

ਇਹ ਫੈਸਲਾ ਸਮੁੱਚੀ ਕਮੇਟੀ ਦਾ ਸੀ, ਨਾ ਕਿ ਸਾਡਾ ਇਕੱਲਿਆਂ ਦਾ। ਢੱਡਰੀਆਂ ਵਾਲੇ ਸੰਤ ਦੇ ਆਉਣ ਤੋਂ ਕੁਝ ਦਿਨ ਪਹਿਲਾਂ ਵੀ ਗਾਹੇ-ਬਗਾਹੇ ਅਸੀਂ ਉਸ ਦੇ ਚੇਲਿਆਂ ਨੂੰ ਯਾਦ ਦਿਵਾਉਂਦੇ ਰਹੇ ਕਿ ਉਹ ਆਪਣੇ ਬਚਨਾਂ ਦੇ ਪੱਕੇ ਰਹਿਣ। ਢੱਡਰੀਆਂ ਵਾਲੇ ਸੰਤ ਦੇ ਚੇਲੇ ਠੋਕ ਵਜਾ ਕੇ ਹਿੱਕਾਂ ਥਾਪੜਦੇ ਰਹੇ। ਦੀਵਾਨ ਵਾਲੇ ਦਿਨ ਢੱਡਰੀਆਂ ਵਾਲੇ ਸੰਤ ਦੇ ਚੇਲਿਆਂ ਵਲੋਂ ਸਾਨੂੰ ਉਨ੍ਹਾਂ ਨਾਲ ਮਿਲਾਉਣ ਦਾ ਵਾਅਦਾ ਸਾਢੇ ਗਿਆਰਾਂ ਵਜੇ ਸਵੇਰ ਦਾ ਕਰ ਦਿਤਾ ਗਿਆ। ਅਸੀਂ ਸਵੇਰੇ ਸਾਢੇ ਗਿਆਰਾਂ ਵਜੇ ਤੋਂ ਡੇਢ ਵਜੇ ਤੱਕ ਲਗਾਤਾਰ ਸੰਤ ਦੇ ਚੇਲਿਆਂ ਨੂੰ ਕਾਲਾਂ ਕੀਤੀਆਂ ਪਰ ਕਿਸੇ ਦਾ ਕੋਈ ਜਵਾਬ ਨਹੀਂ ਆਇਆ। ਡੇਢ ਵਜੇ ਤੋਂ ਬਾਅਦ ਇਕ ਫੋਨ ਕਾਲ ਚੁੱਕੀ ਗਈ ਜਿਸ ਵਿਚ ਧਮਕੀ ਭਰੇ ਲਹਿਜ਼ੇ ਨਾਲ ਬਿਨਾਂ ਕਿਸੇ ਸਵਾਲ ਦਾ ਜਵਾਬ ਦਿੱਤਿਆਂ ਧੱਕੇ ਨਾਲ ਦੀਵਾਨ ਲਾਉਣ ਦੀ ਗੱਲ ਕਹੀ ਗਈ।

ਇਸ ਉਪਰੰਤ ਸਾਨੂੰ ਮਜਬੂਰ ਹੋ ਕੇ ਆਪਣੇ ਫੈਸਲੇ ਉਪਰ ਅੜਨਾ ਪਿਆ ਕਿ ਅਖੌਤੀ ਸੰਤ ਸਾਡੇ ਸਵਾਲਾਂ ਦੇ ਜਵਾਬ ਦਿੱਤਿਆਂ ਬਿਨਾਂ ਸਟੇਜ ਨਹੀਂ ਕਰ ਸਕੇਗਾ। ਇਸ ਤੋਂ ਬਾਅਦ ਸੰਤ ਦੇ ਚੇਲਿਆਂ ਨੇ ਫਿਰ ਹਾਮੀ ਭਰੀ ਕਿ ਤੁਸੀਂ ਫਿਕਰ ਨਾ ਕਰੋ, ਤੁਹਾਡੇ ਹਰ ਸਵਾਲ ਦਾ ਜਵਾਬ "ਬਾਬਾ ਜੀ" ਦੇਣਗੇ। ਪਰ ਹੋਇਆ ਇਸ ਦੇ ਉਲਟ। ਐਨ ਮੌਕੇ 'ਤੇ ਆ ਕੇ ਸੰਤ ਸਵਾਲਾਂ ਦੇ ਜਵਾਬ ਦੇਣ ਤੋਂ ਮੁਨਕਰ ਹੋ ਕੇ ਭਗੌੜਾ ਹੋ ਗਿਆ ਅਤੇ ਸੰਤ ਦੇ ਅਖੌਤੀ ਚੇਲੇ-ਚੇਲੀਆਂ ਵਰਾਂ, ਸਰਾਪਾਂ ਅਤੇ ਲੜਾਈ ਝਗੜੇ 'ਤੇ ਉਤਾਰੂ ਹੋ ਗਏ। ਇਸ ਸਥਿਤੀ ਨੂੰ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਦੀ ਰਜ਼ਾ ਵਿਚ ਰਹਿ ਕੇ ਬੜੀ ਮੁਸ਼ਕਲ ਨਾਲ ਟਾਲਿਆ। ਅਸਲ ਵਿਚ ਅਸੀਂ ਢੱਡਰੀਆਂ ਵਾਲੇ ਸੰਤ ਦੇ ਦੀਵਾਨਾਂ ਵਿਚ ਰੁਕਾਵਟਾਂ ਖੜ੍ਹੀਆਂ ਨਹੀਂ ਕੀਤੀਆਂ ਸਗੋਂ ਸੰਤ ਅਤੇ ਉਸ ਦੇ ਚੇਲੇ ਆਪਣੇ ਬਚਨਾਂ ਤੋਂ ਖੁਦ ਹੀ ਭਗੌੜੇ ਹੋਏ ਹਨ।

ਜਿਥੋਂ ਤੱਕ ਲੰਗਰ ਵਿਚ ਮਠਿਆਈ ਵਰਤਾਉਣ ਦਾ ਸਵਾਲ ਹੈ ਉਹ ਫੈਸਲਾ ਪਹਿਲਾਂ ਸਮੁੱਚੀ ਕਮੇਟੀ ਵੀ ਲੈ ਚੁਕੀ ਸੀ ਕਿ ਪ੍ਰੋਗਰਾਮ ਸ਼ਹੀਦਾਂ ਦੀ ਯਾਦ ਵਿਚ ਹੋਣ ਕਰਕੇ ਕੋਈ ਵੀ ਮਿੱਠਾ ਨਹੀਂ ਵਰਤਾਇਆ ਜਾਏਗਾ। ਸੰਤ ਦੇ ਚੇਲਿਆਂ ਨੇ ਸੰਤ ਦੇ ਆਉਣ ਦੀ ਖੁਸ਼ੀ ਵਿਚ ਧੱਕੇ ਨਾਲ (ਪਹਿਲਾਂ ਕੀਤੇ ਹੋਏ ਫੈਸਲੇ ਦੇ ਉਲਟ) ਮਠਿਆਈ ਵਰਤਾਉਣ ਦੀ ਗੱਲ ਕਹੀ ਤਾਂ ਸਾਡੇ ਵਲੋਂ ਮਨ੍ਹਾਂ ਕੀਤਾ ਗਿਆ। ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਜਾਣ ਦਾ ਦੂਸ਼ਣ ਸਾਡੇ ਉਤੇ ਲਾਉਣ ਵਾਲੇ ਸੱਜਣ ਕੀ ਇਹ ਗੱਲ ਦੱਸਣ ਦਾ ਯਤਨ ਕਰਨਗੇ ਕਿ ਉਹ ਮਠਿਆਈਆਂ ਸਾਧ ਦੇ ਆਉਣ ਦੀ ਖੁਸ਼ੀ ਵਿਚ ਵਰਤਾਈਆਂ ਜਾਣੀਆਂ ਸਨ ਕਿ ਸ਼ਹੀਦਾਂ ਦੀ ਯਾਦ ਵਿਚ? ਜਿਥੋਂ ਤੱਕ ਸ਼ਹੀਦਾਂ ਦੀ ਕੁਰਬਾਨੀ ਨੂੰ ਭੁੱਲ ਜਾਣ ਦਾ ਸਵਾਲ ਹੈ, ਸਾਡੇ ਤਾਂ ਰੋਮ ਰੋਮ ਵਿਚ ਸ਼ਹੀਦਾਂ ਦੀ ਯਾਦ ਹਰ ਦਮ ਤਾਜ਼ਾ ਰਹਿੰਦੀ ਹੈ। ਪਰ ਕੀ ਸਾਧ ਦੇ ਚੇਲਿਆਂ ਲਈ ਸ਼ਹੀਦਾਂ ਦੀ ਕੁਰਬਾਨੀ ਜ਼ਿਆਦਾ ਮਹੱਤਵ ਰੱਖਦੀ ਹੈ? ਜਾਂ ਫਿਰ
ਸਾਧ ਦੇ ਆਉਣ ਦੀ ਖੁਸ਼ੀ?

ਜਿਥੋਂ ਤੱਕ ਹਰਜਿੰਦਰ ਸਿੰਘ ਜਿੰਦੇ ਅਤੇ ਸੁਖਦੇਵ ਸਿੰਘ ਸੁੱਖੇ ਦੇ ਜੱਜ ਨੂੰ ਲੱਡੂ ਖਵਾਉਣ ਦੀ ਗੱਲ ਹੈ, ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਉਨ੍ਹਾਂ ਸੂਰਬੀਰਾਂ ਨੂੰ ਸ਼ਹੀਦੀ ਦਾ ਮਣ ਮਣ ਚਾਅ ਸੀ, ਪਰ ਕੀ ਇਹ ਲੋਕ ਭੁੱਲ ਗਏ ਹਨ ਕਿ ਕੌਮ ਨੇ ਉਸੇ ਸਾਲ ਸ਼ਹੀਦਾਂ ਦੀ ਯਾਦ ਵਿਚ ਕਾਲੀ ਦੀਵਾਲੀ ਮਨਾਈ ਸੀ ਅਤੇ ਭਾਈ ਜਿੰਦੇ ਅਤੇ ਸੁੱਖੇ ਨੂੰ ਫਾਂਸੀ ਵਾਲੇ ਦਿਨ ਸਿੱਖਾਂ ਨੇ ਆਪਣੇ ਚੁਲ੍ਹਿਆਂ ਵਿਚ ਅੱਗ ਵੀ ਨਹੀਂ ਸੀ ਬਾਲੀ। ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਅਸੀਂ ਨਹੀਂ, ਇਹ ਲੋਕ ਭੁੱਲ ਰਹੇ ਹਨ। ਜੁਆਨ ਪੁੱਤਰਾਂ ਦੇ ਤੁਰ ਜਾਣ ਉਤੇ ਕੌਮਾਂ ਖੁਸ਼ੀ ਨਹੀਂ ਮਨਾਇਆ ਕਰਦੀਆਂ।

ਵੀਰ ਮਨਜਿੰਦਰ ਸਿੰਘ ਅਤੇ ਓਂਕਾਰ ਸਿੰਘ ਨੂੰ ਸ਼ਾਇਦ ਇਹ ਵੀ ਨਹੀਂ ਪਤਾ ਕਿ ਗੁਰਮਤਿ ਅਸੂਲਾਂ ਮੁਤਾਬਕ ਕਿਸੇ ਮਠਿਆਈ ਨੂੰ ਪਵਿਤਰ ਕੜਾਹ ਪ੍ਰਸ਼ਾਦ ਨਾਲ ਤੁਲਨਾ ਨਹੀਂ ਦਿਤੀ ਜਾ ਸਕਦੀ।

"ਅਨਿਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ॥" ਵਾਲੇ ਗੁਰ ਸ਼ਬਦ ਨੂੰ ਧਿੰਗੋਜ਼ੋਰੀ ਲੱਡੂ-ਜਲੇਬੀਆਂ ਨਾਲ ਨਹੀਂ ਤੋਲਿਆ ਜਾ ਸਕਦਾ। ਇਨ੍ਹਾਂ ਵੀਰਾਂ ਨੂੰ ਇਸ ਸ਼ਬਦ ਦੇ ਤੱਤਭਾਵੀ ਅਰਥ ਸਮਝਣ ਦੀ ਲੋੜ ਹੈ ਅਤੇ ਅਸੀਂ ਖੁੱਲ੍ਹਾ ਸੱਦਾ ਦਿੰਦੇ ਹਾਂ ਕਿ ਇਸ ਸਬੰਧੀ ਸਾਡੇ ਨਾਲ ਕਦੀ ਵੀ ਵਿਚਾਰਾਂ ਕੀਤੀਆਂ ਜਾ ਸਕਦੀਆਂ ਹਨ। ਜਿਥੋਂ ਤੱਕ ਬਾਬੇ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਬੈਠਣ ਦੀ ਗੱਲ ਹੈ, ਸਾਡੇ ਕੋਲ ਸਿਰਫ ਕੱਚੀ ਬਾਣੀ ਬਾਰੇ ਬਾਬੇ ਨੂੰ ਕਰਨ ਲਈ ਇਕ ਸਵਾਲ ਹੀ ਨਹੀਂ ਸਗੋਂ ਸਵਾਲਾਂ ਦੀ ਲੰਮੀ ਲੜੀ ਹੈ, ਜੇਕਰ ਬਾਬਾ ਅਤੇ ਉਸ ਦੇ ਚੇਲਿਆਂ ਅੰਦਰ ਸਾਡੇ ਸਵਾਲਾਂ ਦੇ ਜੁਆਬ ਦੇਣ ਦੀ ਕੋਈ ਚਾਹਨਾ ਹੈ ਤਾਂ ਉਹ ਸਾਡੇ ਨਾਲ ਹੁਣ ਵੀ ਜਦੋਂ ਚਾਹੁਣ ਸੰਪਰਕ ਕਰ ਸਕਦੇ ਹਨ। ਹੁਣ ਅਸੀਂ ਕੁਝ ਸਵਾਲ ਉਸ ਅਖੌਤੀ ਬਾਬੇ ਦੇ ਚੇਲਿਆਂ ਨੂੰ ਕਰਨਾ ਚਾਹਵਾਂਗੇ:

1. ਢੱਡਰੀਆਂ ਵਾਲੇ ਸੰਤ ਦੇ ਜਾਣ ਤੋਂ ਬਾਅਦ ਕਮੇਟੀ ਪ੍ਰਧਾਨ ਅਤੇ ਕਮੇਟੀ ਸੈਕਟਰੀ ਤੋਂ ਬਿਨਾਂ ਸੰਤ ਦੇ ਅਖੌਤੀ ਹਿਤੂਆਂ ਵਿਚ ਕੋਈ ਇਕ ਵੀ ਵਿਅਕਤੀ ਗੁਰਬਾਣੀ ਦਾ ਨਿਰੋਲ ਕੀਰਤਨ ਸ਼੍ਰਵਣ ਕਰਨ ਲਈ ਪੰਡਾਲ ਵਿਚ ਕਿਉਂ ਨਹੀਂ ਬੈਠਿਆ?

2. ਕੀ ਇਨ੍ਹਾਂ ਲੋਕਾਂ ਲਈ ਗੁਰਬਾਣੀ ਦੇ ਕੀਰਤਨ ਨਾਲੋਂ ਬਾਬੇ ਦੀਆਂ ਆਪੂੰ ਬਣਾਈਆਂ ਕੱਚੀਆਂ ਧਾਰਨਾਂ ਵੱਧ ਮਹੱਤਵ ਰੱਖਦੀਆਂ ਹਨ?

3. ਕੀ ਇਹ ਲੋਕ ਗੁਰੂ ਗ੍ਰੰਥ ਸਾਹਿਬ ਦੇ ਉਪਾਸ਼ਕ ਹਨ ਜਾਂ ਕਿ ਕਿਸੇ ਸਾਧ ਦੇ?

4. ਗੁਰਮਤਿ ਪ੍ਰਚਾਰ ਕਰਨ ਦੀਆਂ ਟਾਹਰਾਂ ਮਾਰਨ ਵਾਲੇ ਇਹ ਅਖੌਤੀ ਬਾਬੇ ਕਿਹੜੇ ਮੂੰਹ ਨਾਲ ਗੁਰਸਿੱਖ ਸੰਗਤਾਂ ਪਾਸੋਂ ਆਪਣੇ ਪੈਰੀਂ ਹੱਥ ਲਵਾਉਂਦੇ ਹਨ?

5. ਇਨ੍ਹਾਂ ਅਖੌਤੀ ਬਾਬਿਆਂ ਦੇ ਚੇਲੇ-ਚੇਲੀਆਂ ਇਨ੍ਹਾਂ ਨੂੰ ਕੀ ਸਮਝ ਕੇ ਇਨ੍ਹਾਂ ਦੇ ਪੈਰਾਂ 'ਤੇ ਡਿਗਦੇ ਹਨ?

6. ਅਸੀਂ ਵੀਰ ਮਨਜਿੰਦਰ ਸਿੰਘ ਤੇ ਓਂਕਾਰ ਸਿੰਘ ਨੂੰ ਬੇਨਤੀ ਕਰਨੀ ਚਾਹਾਂਗੇ ਕਿ ਉਹ ਸਾਨੂੰ ਰੁਕਾਵਟਾਂ ਖੜ੍ਹੀਆਂ ਕਰਨ ਵਾਲੇ ਦੱਸਦੇ ਹੋਏ ਪ੍ਰਬੰਧਾਂ ਤੋਂ ਦੂਰ ਰਹਿਣ ਦੀ ਸਿੱਖਿਆ ਦਿੰਦੇ ਹਨ ਪਰ ਕੀ ਉਹ ਸਾਧ ਦੇ ਚੇਲਿਆਂ ਅਤੇ ਅਖੌਤੀ ਪ੍ਰਬੰਧਕਾਂ ਨੂੰ ਇਹ ਸਵਾਲ ਕਰਨਗੇ ਕਿ ਸਿੱਖ ਸੰਗਤਾਂ ਦੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਨਾਲ ਉਸਾਰੇ ਗੁਰੂ ਘਰ ਪੰਥ ਅਤੇ ਪੰਥਕ ਰਹਿਤ ਮਰਿਆਦਾ ਨੂੰ ਸਮਰਪਿਤ ਹਨ ਜਾਂ ਫਿਰ ਅਖੌਤੀ ਸਾਧਾਂ ਜਾਂ ਉਨ੍ਹਾਂ ਦੀ ਅਖੌਤੀ ਮਰਿਆਦਾ ਨੂੰ?

ਅਖੀਰ ਵਿਚ ਅਸੀਂ ਦੋਵੇਂ ਹੱਥ ਜੋੜ ਕੇ ਸਮੂਹ ਸੰਗਤਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡਾ ਕਿਸੇ ਵੀ ਗੁਰਸਿੱਖ ਪ੍ਰਾਣੀ ਦਾ ਹਿਰਦਾ ਦੁਖਾਉਣ ਦਾ ਕੋਈ ਮਕਸਦ ਨਹੀਂ ਸੀ ਜੇ ਇਸ ਸਾਰੇ ਵਰਤਾਰੇ ਵਿਚ ਸਾਡਾ ਕੋਈ ਕਸੂਰ ਸਿੱਖ ਸੰਗਤ ਸਮਝਦੀ ਹੈ ਤਾਂ ਅਸੀਂ ਗੁਰੂ ਦੀਆਂ ਸੰਗਤਾਂ ਕੋਲੋਂ ਮੁਆਫੀ ਮੰਗਦੇ ਹਾਂ। ਸਾਡੀ ਇਹ ਬੇਨਤੀ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਦੇ ਚਰਨਾਂ ਵਿਚ ਹੈ ਨਾ ਕਿ ਕਿਸੇ ਅਖੌਤੀ ਸਾਧ ਦੇ ਚੇਲਿਆਂ ਦੇ। ਅਸੀਂ ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਆਓ ਅਖੌਤੀ ਸਾਧਾਂ ਦਾ ਪੱਲਾ ਛੱਡ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ। ਸਾਨੂੰ ਭਾਈ ਗੁਰਦਾਸ ਜੀ ਦੇ ਇਹ ਬਚਨ ਆਪਣੇ ਚੇਤਿਆਂ ਵਿਚ ਵਸਾਈ ਰੱਖਣੇ ਚਾਹੀਦੇ ਹਨ:

ਸਤਿਗੁਰ ਸਾਹਿਬ ਛਡੁ ਕੈ ਮਨਮੁਖਿ ਹੋਇ ਬੰਦੇ ਦਾ ਬੰਦਾ॥
"ਝੂਠ ਨਾ ਬੋਲ ਪਾਂਡੇ ਸੱਚੁ ਕਹੀਐ"