Pages

Wednesday, May 4, 2011

ਅੰਨ ਦਾਤੇ ਨੂੰ........(ਕਿਸਾਨ ਨੂੰ)

ਅੰਨ ਦਾਤੇ ਨੂੰ........(ਕਿਸਾਨ ਨੂੰ)
ਭੁੱਖਿਆਂ ਨੂੰ ਟੁੱਕੜੇ ਪਉਣ ਵਾਲਿਆ
ਕੀ ਗੱਲ ਐ? ਹੌਂਸਲਾ ਕਿਉਂ ਹਾਰਿਐਂ?
ਐਵੇਂ ਨੀ ਸਰਨਾ, ਮਸਲੇ ਦਾ ਹੱਲ ਇਹ ਨਹੀਂ
ਖੁੱਦਕੁਸ਼ੀ............ਤੇ ਤੂੰ...............
ਦੋਵੇਂ ਗੱਲਾਂ ਸੋਭਦੀਆਂ ਨੀ
ਜਮਾਨਾ ਬੜਾ ਬੇਰਹਿਮ ਹੋ ਗਿਐ ਸੱਜਣਾ
ਆਪਣੀ ਜਾਨ ਗਵਾ ਕੇ
ਇਹਨਾਂ ਦੇ ਕੰਨਾਂ 'ਤੇ ਜੂੰਅ ਨਹੀਂ ਸਰਕਣੀ
ਇਹਨਾ ਸੁੱਤੇ ਰਹਿਣੈ
ਇਹ ਜਾਗਣਾ ਚਾਹੁੰਦੇ ਵੀ ਨਹੀਂ
ਧਮਾਕੇ ਦੀ ਲੋੜ ਐ ਧਮਾਕੇ ਦੀ
ਸਿਵਿਆਂ ਵਾਲੀ ਪਹੀ ਦੀ ਕਿੱਕਰ ਨਾਲ
ਸਿਰ 'ਤੇ ਲਪੇਟੀ ਪੱਗ ਬੰਨ ਕੇ ਫਾਹਾ ਲੈ ਲੈਣਾ
ਮੁਕਤੀ ਨਹੀਂ ਹੁੰਦੀ
ਸਲਫਾਸ ਦੀਆਂ ਗੋਲੀਆਂ ਖਾ ਕੇ ਵੀ ਨਹੀਂ ਬਨਣੀ ਗੱਲ
ਉੱਠ........ਪੱਗੜੀ ਸੰਭਾਲ ਜੱਟਾ.......ਪੱਗੜੀ ਸੰਭਾਲ......
ਪਹੀ ਵਾਲੀ ਕਿੱਕਰ ਦੀ ਕਾਲੀ ਡਾਂਗ ਘੜ ਕੇ ਤੇਲ ਲਗਾ ਲੈ
ਤੇ ਮੈਦਾਨ ਵਿੱਚ ਆ, ਗੋਲੀਆਂ ਖਾਣ ਦੀ ਨਹੀਂ
ਗੋਲੀਆਂ ਚਲਾਉਣ ਦੀ ਗੱਲ ਕਰ
ਆ ਰਲ ਮਿਲ ਲਹੂ ਪੀਣੀਆ ਜੋਕਾਂ
ਪਿੰਡੇ ਨਾਲੋਂ ਤੋੜ ਸੁੱਟੀਏ
ਹਵਾਵਾਂ ਨੂੰ ਤੇਰੀ ਉਡੀਕ ਐ
ਪੱਤਾ ਪੱਤਾ ਤੇਰੇ ਨਾਲ ਹਿੱਲ ਉਠੇਗਾ
ਲਹਿਰਾ ਉਠਣਗੇ ਖੇਤ
ਆ ਜਮਾਨੇ ਨੂੰ ਬਦਲਣ ਦੇ ਗੀਤ ਗਾਈਏ
ਜ਼ਮਾਨਾ ਵੀ ਕਹੇਗਾ
ਜਿੱਥੇ ਵੀ ਦੇਖਲੋ ਜਾਗਦਾ ਮਜਦੂਰ ਹੈ
ਜਿੱਥੇ ਵੀ ਦੇਖਲੋ ਜਾਗਦਾ ਕਿਰਸਾਨ ਹੈ
ਸ਼ਸਤਰ ਉਹਦੇ ਪੀਰ ਨੇ
ਬੇਜ਼ਮੀਨੇ ਹੱਥਾਂ ਵਿੱਚ ਸਲਫਾਸ ਨਹੀਂ
ਬੰਦੂਕ ਹੈ ਕਿਰਪਾਨ ਹੈ.........
ਅਮਰਦੀਪ ਸਿੰਘ ਅਮਰ