Pages

Wednesday, May 4, 2011

ਕੀ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅਤੇ ਇਸ ਦੇ ਕਰਤਾ ਧਰਤਾ ਮਹੰਤ ਨਰੈਣੂ ਦੇ ਵਾਰਸ ਬਨਣ ਜਾ ਰਹੇ ਹਨ?

-ਅਮਰਦੀਪ ਸਿੰਘ 'ਅਮਰ'
ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅਤੇ ਇਸ ਦੇ ਕਰਤਾ ਧਰਤਾ ਮਹੰਤ ਨਰੈਣੂ ਦੇ ਵਾਰਸ ਬਨਣ ਜਾ ਰਹੇ ਹਨ?
(ਮਾਮਲਾ ਪਿਛਲੇ ਦਿਨੀਂ ਗੁ: ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਕੇਵਲ ਗੁਰਬਾਣੀ ਸਤਿਕਾਰ ਹਿਤ ਗੱਲਬਾਤ ਕਰਨ ਗਏ ਧਾਰਮਿਕ ਸੰਸਥਾਵਾਂ ਨਾਲ ਸੰਬੰਧਿਤ ਸਿੰਘਾਂ ਦੀ ਟਾਸਕ ਫੋਰਸ ਵਲੋਂ ਕੀਤੀ ਕੁੱਟਮਾਰ ਦਾ)
ਵੈਸੇ ਤਾਂ ਗੁਰਮਤਿ ਅੰਦਰ ਅਜੋਕੀ ਵੋਟ ਸਿਆਸਤ ਭਾਵ ਡੈਮੋਕਰੇਸੀ ਨੂੰ ਕੋਈ ਥਾਂ ਨਹੀਂ ਹੈ ਪਰ ਫਿਰ ਵੀ ਸਿੱਖਾਂ ਦੀ ਸਿਰਮੌਰ ਅਖਵਾਉਂਦੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡੈਮੋਕਰੇਟਿਕ ਸੰਸਥਾ ਵਜੋਂ ਕੰਮ ਚਲਾ ਰਹੀ ਹੈ। ਗੁਰਦੁਆਰਿਆਂ ਦਾ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਉਣ ਦੇ ਨਾਲ ਨਾਲ ਜਿਸਦਾ ਮੁੱਖ ਫਰਜ ਧਰਮ ਦਾ ਪ੍ਰਚਾਰ, ਗੁਰਬਾਣੀ ਦਾ ਸਤਿਕਾਰ ਕਾਇਮ ਰੱਖਣਾ ਤੇ ਸਮੇਂ ਸਮੇਂ ਦਰਪੇਸ਼ ਮਸਲਿਆਂ ਤੇ ਸਿੱਖ ਹਿਤਾਂ ਦੀ ਰਾਖੀ ਕਰਨਾ ਹੈ। ਪ੍ਰੰਤੂ ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਇਸ ਸੰਸਥਾ ਉਤੇ ਕਾਬਜ਼ ਕਰਤਾ ਧਰਤਾ ਆਪਣੇ ਮੁੱਖ ਫਰਜਾਂ ਨੂੰ ਭੁਲਾ ਕੇ ਕੇਵਲ ਤੇ ਕੇਵਲ ਉਹਨਾਂ ਕਾਰਵਾਈਆਂ ਨੂੰ ਹੀ ਅੰਜਾਮ ਦੇ ਰਹੇ ਹਨ ਜਿਸ ਨਾਲ ਉਹਨਾਂ ਦੇ ਸਿਆਸੀ ਆਕਾਵਾਂ ਦੇ ਰਾਜਨੀਤਿਕ ਉਦੇਸ਼ਾਂ ਦੀ ਪੂਰਤੀ ਹੁੰਦੀ ਹੋਵੇ ਫਿਰ ਭਾਵੇਂ ਉਹ ਕਾਰਵਾਈਆਂ ਸਿੱਖ ਹਿਤਾਂ ਦਾ ਨੁਕਸਾਨ ਹੀ ਕਿਉਂ ਨਾ ਕਰ ਰਹੀਆਂ ਹੋਣ!

ਹੱਦ ਤਾਂ ਇਹ ਹੋ ਗਈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ (ਜੋ ਕਿ ਯਕੀਨੀ ਬਣਾਉਣਾ ਸ਼੍ਰੋਮਣੀ ਕਮੇਟੀ ਅਤੇ ਇਸ ਦੇ ਕਰਤਾ ਧਰਤਾ ਦਾ ਮੁੱਖ ਫਰਜ਼ ਬਣਦਾ ਹੈ) ਵਲੋਂ ਆਪ ਤਾਂ ਅਵੇਸਲੇ ਹਨ ਹੀ ਜੇਕਰ ਕੋਈ ਨਿਸ਼ਕਾਮ ਸੰਸਥਾਵਾਂ ਆਪਣੇ ਤੌਰ ਤੇ ਆਪਣੇ ਸੀਮਿਤ ਵਸੀਲਿਆਂ ਰਾਹੀਂ ਇਸ ਸੰਬੰਧੀ ਕੋਸ਼ਿਸ਼ ਕਰ ਰਹੀਆਂ ਹਨ ੳੇਹਨਾਂ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ। ਉਹਨਾਂ ਨੂੰ ਇਹ ਸੇਵਾ ਜਾਰੀ ਰੱਖਣ ਲਈ ਸਾਧਨ ਮੁਹੱਈਆ ਕਰਾਉਣ ਦੀ ਬਜਾਏ (ਆਪਣੀ ਨਾਲਾਇਕੀ ਦੀ ਪੋਲ ਖੁੱਲਣ ਦੇ ਡਰੋਂ) ਆਪਣੇ ਲੱਠਮਾਰਾਂ ਰਾਹੀਂ ਉਹਨਾਂ ਨੂੰ ਬੁਰੀ ਤਰਾਂ ਕੁੱਟਣਾ ਅਤੇ ਉਹਨਾਂ ਦੇ ਕੇਸਾਂ, ਦਾਹੜਿਆਂ, ਕਕਾਰਾਂ ਦੀ ਬੇਅਦਬੀ ਕਰਨ ਤੋਂ ਵੀ ਨਹੀਂ ਝਿਜਕਦੇ ਅਤੇ ਅਜਿਹਾ ਕਰਨ ਲਗਿਆਂ ਉਹਨਾਂ ਨੂੰ ਗੁਰਦੁਆਰੇ ਦੀ ਪਵਿੱਤਰ ਹਦੂਦ ਅਤੇ ਸਾਹਮਣੇ ਵਾਲਿਆਂ ਦੇ ਗੁਰਸਿੱਖੀ ਬਾਣੇ ਅਤੇ ਵਾਹਿਗੁਰੂ ਵਾਹਿਗੁਰੂ ਕਰਦੇ ਸ਼ਾਂਤਮਈ ਚਿਹਰਿਆਂ ਦੀ ਵੀ ਕੋਈ ਪ੍ਰਵਾਹ ਨਹੀਂ। ਇੰਝ ਲਗਦਾ ਹੈ ਜਿਵੇਂ ਮਹੰਤ ਨਰੈਣੂ ਅਤੇ ਉਸਦੇ ਗੁੰਡਿਆਂ ਦੀ ਰੂਹ ਅਜੋਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਉਸਦੀ ਟਾਸਕ ਫੋਰਸ ਵਿਚ ਪ੍ਰਵੇਸ਼ ਕਰ ਗਈ ਹੋਵੇ। ਸੰਬੰਧਿਤ ਘਟਨਾ ਦੇ ਵਿਸਥਾਰ ਤੋਂ ਪਹਿਲਾਂ ਇਕ ਹੋਰ ਗੱਲ, "ਕਿੰਨੇ ਲੋਹੜੇ ਦੀ ਗੱਲ ਇਹ ਹੈ ਕਿ ਪੰਥ ਦੀਆਂ ਸਿਰਮੌਰ ਸਖਸ਼ੀਅਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਤਖ਼ਤਾਂ ਦੇ ਜੱਥੇਦਾਰ ਸਿੰਘ ਸਾਹਿਬਾਨ ਦਾ ਧਿਆਨ ਵੀ, ਗੁਰਬਾਣੀ ਦੀ ਬੇਅਦਬੀ ਦੀਆਂ ਹੋ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਯਤਨ ਕਰਨ ਤੇ ਸੰਬੰਧਤ ਜ਼ੁੰਮੇਵਾਰ ਸੱਜਣਾਂ ਨੂੰ ਆਪਣੀ ਜ਼ੁੰਮੇਵਾਰੀ ਠੀਕ ਤਰੀਕੇ ਨਿਭਾਉਣ ਲਈ ਆਦੇਸ਼ ਦੇਣ ਦੀ ਥਾਂ, ਪੰਥਕ ਹਿਤਾਂ ਦਾ ਨੁਕਸਾਨ ਕਰਨ ਵਾਲੀਆਂ ਗੱਲਾਂ '(ਜਿਵੇਂ ਕਿ ਕਥਿਤ ਤੋਰ ਤੇ ਸੰਘਵਾਦੀਆਂ ਨਾਲ ਮੀਟਿੰਗਾਂ ਅਤੇ ਸਮੇਂ ਸਮੇਂ ਪੰਥ ਵਿਰੋਧੀ ਕਾਰਵਾਈਆਂ ਕਾਰਨ ਛੇਕੇ ਹੋਇਆਂ ਨੂੰ ਖੁੱਲੇਆਮ ਵਾਪਿਸ ਆਉਣ ਦਾ ਸੱਦਾ (ਰਿਆਇਤਾਂ ਦੀ ਗੁੰਜ਼ਾਇਸ਼ ਦਾ ਸ਼ੱਕ ਪੈਦਾ ਹੁੰਦਾ ਹੈ)' ਆਪਣੇ ਰਾਜਨੀਤਿਕ ਆਕਾਵਾਂ (ਸ਼੍ਰੋਮਣੀ ਅਕਾਲੀ ਦਲ ਦੀ ਇਕ ਧਿਰ) ਵਿਚ ਹੈ ਜੋ ਕਿ ਪਿਛਲੇ ਕਾਫ਼ੀ ਸਮੇਂ ਤੋੰ ਗਲਤ ਡੈਮੋਕਰੇਸੀ ਦੇ ਆਸਰੇ ਸ਼੍ਰੋਮਣੀ ਕਮੇਟੀ ਵਿਚ ਡਿਕਟੇਟਰ ਦੇ ਤੋਰ ਤੇ ਛਾਈ ਹੋਈ ਹੈ ਤੇ ਸਮੇਂ ਸਮੇਂ ਪੰਥਕ ਰਵਾਇਤਾਂ ਨੂੰ ਰੋਲਣ ਵਾਲੀ ਇਸੇ ਰਾਜਨੀਤਿਕ ਧਿਰ ਨੂੰ ਆਉਂਦੀਆਂ ਚੋਣਾਂ ਵਿਚ ਪੂਰਾ ਪੂਰਾ ਰਾਜਨੀਤਿਕ ਲਾਭ ਦਿਵਾੳੋੁਣ ਦੀ ਕੋਸ਼ਿਸ਼ ਹੀ ਜਾਪਦੀ ਹੈ। ਇਸ ਧਿਰ ਦੀਆਂ ਕਾਰਵਾਈਆਂ ਇਥੋਂ ਤੱਕ ਭੁਲੇਖਾ ਪਾਉਂਦੀਆਂ ਹਨ ਜਿਵੇਂ ਕਿ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ 'ਸੰਘ ਪਰਿਵਾਰ' ਦੀ ਹੀ ਇਕ ਸ਼ਾਖਾ ਹੋਵੇ। ਇਸ ਮਹੀਨੇ ਸਿੱਖ ਸਿਆਸਤ ਦੇ ਮੰਚ ਉਤੇ ਵਾਪਰੀਆਂ ਘਟਨਾਵਾਂ ਨੇ ਹਰ ਸਿੱਖ ਦਾ ਸਿਰ ਸ਼ਰਮ ਨਾਲ ਨੀਵਾਂ ਕਰ ਰੱਖਿਆ ਹੈ ਪਰ ਇਹਨਾਂ ਲੀਡਰਾਂ ਨੂੰ ਸੁਮੱਤ ਪਤਾ ਨਹੀਂ ਕਦੋਂ ਆਵੇਗੀ।

ਪੰਚਮ ਪਾਤਸ਼ਾਹ ਦੀ ਸ਼ਹੀਦੀ ਸ਼ਤਾਬਦੀ ਮੋਕੇ ਸੰਘਵਾਦੀ ਨੇਤਾ ਬੀਬੀ ਸੁਸ਼ਮਾ ਸਵਰਾਜ ਦਾ ਅਕਾਲੀ ਦਲ ਦੀ ਸਟੇਜ ਤੋਂ ਬਾਹਮਣ ਚੰਦੂ ਦੀ ਵਕਾਲਤ ਕਰਨਾ ਤੇ ਸਿੱਖ ਲੀਡਰਾਂ ਦਾ ਸਿਰਫ ਦੰਦੀਆ ਕੱਢਦੇ ਰਹਿਣਾ ਉਹ ਪਹਿਲੀ ਘਟਨਾ ਹੋ ਗੁਜ਼ਰੀ ਜਿਸ ਨਾਲ ਸਿੱਖ ਅਖਾਉਂਦੇ 'ਕਾਲੀ ਲੀਡਰਾਂ ਦੇ ਦੂਹਰੇ ਕਿਰਦਾਰ ਦਾ ਚਿਹਰਾ ਮੋਹਰਾ ਸੰਗਤਾਂ ਮੂਹਰੇ ਸਪਸ਼ਟ ਹੁੰਦਾ ਨਜ਼ਰ ਆਇਆ। ਉਸ ਤੋਂ ਬਾਅਦ ਮੀਰੀ ਪੀਰੀ ਦਿਵਸ ਮੌਕੇ ਸਿੱਖਾਂ ਦੀਆਂ ਪੱਗਾਂ ਲੱਥਣੀਆਂ, ਫਿਰ ਸੰਘਵਾਦੀ ਨੇਤਾ ਅਰੁਣ ਜੇਤਲੀ ਦਾ ਰਾਸ਼ਟਰੀ ਸਿੱਖ ਸੰਗਤ ਨੂੰ ਦੁੱਧ ਚਿੱਟਾ ਦੱਸਦੇ ਹੋਏ ਅਕਾਲ ਤਖ਼ਤ ਤੋਂ ਪਿਛਲੇ ਸਮੇਂ ਕੀਤੇ ਗਏ ਉਹਨਾਂ ਦੇ ਬਾਈਕਾਟ ਨੂੰ ਮੁੜ ਵਿਚਾਰਨ ਤੇ ਜੋਰ ਦੇਣਾ, ਲੁਧਿਆਣਾ ਵਿਖੇ ਕੁਝ ਸਿੱਖਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਸਮੇਂ ਇਸ ਬਿਆਨ ਵਿਰੁੱਧ ਸ਼ਾਂਤਮਈ ਰੋਸ ਕਰਨ ਸਮੇਂ ਹੋਈ ਉਹਨਾਂ ਦੀ ਮਾਰ ਕੁਟਾਈ ਨੇ ਦੁਬਾਰਾ ਫਿਰ ਸਾਰੀ ਕੌਮ ਨੂੰ ਨਮੋਸ਼ੀ ਦਾ ਮੂੰਹ ਦਿਖਾਇਆ। ਉਪਰੋਕਤ ਸਾਰੀਆਂ ਘਟਨਾਵਾਂ ਬਾਅਦ ਸਿੰਘ ਸਾਹਿਬਾਨ ਵਲੋਂ ਪੰਥ ਵਿਚ ਛੇਕੇ ਤੱਤਾਂ (ਜਿੰਨਾਂ ਵਿਚ ਆਰ. ਐਸ. ਐਸ ਦਾ ਸਿੱਖ ਅਖਵਾਉਂਦਾ ਵਿੰਗ ਰਾਸ਼ਟਰੀ ਸਿੱਖ ਸੰਗਤ ਵੀ ਹੈ) ਨੂੰ ਸ਼ਰੇਆਮ ਵਾਪਸੀ ਲਈ ਖੁੱਲਾ ਸੱਦਾ ਦੇਣਾ ਹਰ ਸੋਚਵਾਨ ਵਿਅਕਤੀ ਨੂੰ ਇਹ ਸੋਚਣ ਲਈ ਮਜ਼ਬੂਰ ਕਰਦਾ ਹੈ ਕਿ ਕੀ ਇਹ ਸਾਰੀਆਂ ਘਟਨਾਵਾਂ ਕਿਧਰੇ ਇਕ ਲੜੀ ਦਾ ਹਿੱਸਾ ਤਾਂ ਨਹੀਂ ਹਨ?

'ਜੇ ਸਕਤਾ ਸਕਤੇ ਕਉ ਮਾਰੇ ਤ ਮਨ ਰੋਸ ਨ ਹੋਈ' ਦੇ ਮਹਾਂਵਾਕਾਂ ਅਨੁਸਾਰ ਜੇਕਰ ਇਹ ਸਥਿਤੀ ਇਥੇ ਹੀ ਕਾਬੂ ਆ ਜਾਂਦੀ ਤਾਂ ਆਮ ਸਿੱਖ ਇਸ ਘਟਨਾ ਕ੍ਰਮ ਨੂੰ ਸਿਰਫ ਸਿਆਸੀ ਲੋਕਾਂ ਦੇ ਚੋਚਲੇ ਕਹਿਕੇ ਪਾਸਾ ਵੱਟ ਕੇ ਲੰਘਣ ਨੂੰ ਤਰਜੀਹ ਦਿੰਦਾ ਹੈ। ਐਪਰ ਜਦ ਭੂਤਰੇ ਹੋਏ ਹੈਂਕੜਬਾਜ ਵੋਟ ਬਟੋਰੂ ਲੋਕ, ਗੈਰ ਸਿਆਸੀ ਸਿਰਫ ਧਰਮੀ ਤੇ ਗਊਆਂ ਵਰਗੇ ਲੋਕਾਂ (ਸਿੱਖਾਂ) ਨੂੰ ਢੁੱਡਾਂ ਮਾਰਨ ਪੈ ਜਾਣ ਤਾਂ ਗੱਲ ਸੋਚਣੀ ਬਣਦੀ ਹੈ ਕਿ ਇਹਨਾਂ ਦੀ ਸਿਆਸੀ ਹਵਸ ਦੀ ਭੜਕਾਹਟ ਕਿਵੇਂ ਸ਼ਾਂਤ ਹੋਵੇਗੀ। ਹੁਣ ਵਿਸਥਾਰ ਵਾਪਰੀ ਹੋਈ ਤਾਜੀ ਘਟਨਾ ਦਾ :

ਪਿਛਲੇ ਦਿਨੀਂ 25 ਜੁਲਾਈ ਨੂੰ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਮਿਲਣ ਗਏ ਅੰਮ੍ਰਿਤਧਾਰੀ ਸਿੰਘਾਂ ਦੀ ਬੇਰਹਿਮੀ ਨਾਲ ਮਾਰਕੁਟਾਈ ਕਰਨ ਦੀ ਘਟਨਾ ਨੇ ਸਾਰੇ ਸਿੱਖ ਜਗਤ ਨੂੰ ਫਿਰ ਸਕਤੇ ਵਿਚ ਸੁੱਟ ਦਿੱਤਾ। ਸ਼੍ਰੋਮਣੀ ਕਮੇਟੀ ਦੇ ਬਹਾਦਰਾਂ ਕੋਲੋਂ ਆਪਣੀਆਂ ਪੱਗਾਂ ਉਤਰਵਾਉਣ, ਕੇਸ ਪੁਟਵਾਉਣ ਤੇ ਡਾਂਗਾਂ ਨਾਲ ਛੱਲੀਆਂ ਵਾਂਗ ਕੁੱਟ ਖਾਣ ਵਾਲੇ ਇਹ ਸਿੱਖ ਅਕਾਲੀ ਦਲ (ਬ) ਜਾਂ ਸ਼੍ਰੋਮਣੀ ਕਮੇਟੀ ਦੇ ਸਿਆਸੀ ਵਿਰੋਧੀ ਨਹੀਂ ਸਨ ਅਤੇ ਨਾ ਹੀ ਇਹ ਵੀਰ ਉਥੇ ਕੋਈ ਸਿਆਸੀ ਵਿਰੋਧ ਪ੍ਰਗਟ ਕਰਨ ਗਏ ਸਨ। ਪਿਛਲੇ ਕੁਝ ਸਾਲਾਂ ਤੋਂ ਅਖੰਡ ਕੀਰਤਨੀ ਜੱਥੇ ਦੇ ਅਤੇ ਕੁਝ ਹੋਰ ਪੰਥ ਦਰਦੀ ਵੀਰਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਥਾਂ ਪੁਰ ਥਾਂ ਹੋ ਰਹੀਆਂ ਅਗਨੀ ਘਟਨਾਵਾਂ ਵਿਚ ਬੇਅਦਬੀਆਂ ਨੂੰ ਠਲ੍ਹਣ ਲਈ ਇਕ ਗੁਰੂ ਗ੍ਰੰਥ ਸਾਹਿਬ ਸੇਵਾ ਮਿਸ਼ਨ ਨਾਮ ਦੀ ਸੰਸਥਾ ਬਣਾਈ ਹੋਈ ਹੈ ਜੋ ਕਿ ਲੋਕਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ ਕਿਵੇਂ ਕਰਨਾ ਚਾਹੀਦਾ ਹੈ ਇਸ ਬਾਰੇ ਜਾਗਰੂਕ ਕਰਦਾ ਹੈ। ਪਿਛਲੇ ਕੁਝ ਸਮੇਂ ਤੋਂ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿਚ ਜਾ ਕੇ ਇਸ ਸੰਸਥਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੁਨਿਆਵੀ ਦੇਹ ਸਰੂਪ ਸਮਝ ਕੇ ਗੁਰੂ ਸਾਹਿਬ ਦੇ ਸੁੱਖ ਆਸਨ ਅਤੇ ਪ੍ਰਕਾਸ਼ ਅਸਥਾਨ ਤੇ ਗਰਮੀ ਸਰਦੀ ਨੂੰ ਮੁੱਖ ਰਖ ਕੇ ਪੱਖੇ, ਏ. ਸੀ. ,ਹੀਟਰ ਆਦਿਕ ਉਪਕਰਣਾਂ ਅਤੇ ਆਲੇ ਦੁਆਲੇ ਬੇਲੋੜੀ ਬਿਜਲਈ ਸਜਾਵਟ ਕਰ ਕੇ ਹੁੰਦੇ ਹਾਦਸਿਆਂ ਬਾਰੇ ਸਿੱਖ ਸੰਗਤਾਂ ਨੂੰ ਜਾਗਰੂਕ ਕੀਤਾ ਹੈ। ਭਾਵੇਂ ਇਹ ਕੰਮ ਐਸ, ਜੀ. ਪੀ. ਸੀ. ਦੇ ਕਰਨ ਦਾ ਬਣਦਾ ਹੈ। ਖੈਰ, ਇਹਨਾਂ ਵੀਰਾਂ ਨੇ ਹੋਰ ਜੱਥੇਬੰਦੀਆਂ ਦੇ ਸਹਿਯੋਗ ਨਾਲ ਮਿਹਨਤ ਕਰ ਕੇ ਪਿਛਲੇ 3 ਸਾਲਾਂ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇ ਅਦਬੀ ਦੀਆਂ ਘਟਨਾਵਾਂ ਸੰਬੰਧੀ ਇਕ ਫਾਈਲ ਤਿਆਰ ਕੀਤੀ ਤੇ ਇਹਨਾਂ ਘਟਨਾਵਾਂ ਨੂੰ ਰੋਕਣ ਸੰਬੰਧੀ ਸੁਝਾਅ ਰੂਪ ਇਕ ਮੰਗ ਪੱਤਰ ਕੁਝ ਦਿਨ ਪਹਿਲਾਂ ਚੰਡੀਗੜ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰ: ਅਵਤਾਰ ਸਿੰਘ ਨਾਲ ਮੁਲਾਕਾਤ ਕਰਕੇ ਦਿੱਤਾ। ਪ੍ਰਧਾਨ ਸਾਹਿਬ ਨੇ ਫਾਈਲ ਅਤੇ ਮੰਗ ਪੱਤਰ ਲੈ ਕੇ ਵਫਦ ਨੂੰ ਇਸ ਫਾਈਲ ਨੂੰ ਵਿਚਾਰਨ ਅਤੇ ਛੇਤੀ ਤੋਂ ਛੇਤੀ ਇਸ ਸੰਬੰਧੀ ਠੋਸ ਕਦਮ ਉਠਾਉਣ ਦਾ ਭਰੋਸਾ ਦਿੱਤਾ। ਐਪਰ 23 ਜੁਲਾਈ ਨੂੰ ਜਲੰਧਰ ਜਿਲ੍ਹੇ ਦੇ ਕਾਕੀ ਪਿੰਡ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਗਭਗ 35 ਸਰੂਪ ਅਗਨ ਭੇਟ ਹੋਣ ਦੀ ਦੁੱਰ ਘਟਨਾ ਵਾਪਰ ਗਈ। ਇਸ ਘਟਨਾ ਨਾਲ ਸੇਵਾ ਮਿਸ਼ਨ ਦੇ ਮੈਂਬਰਾਂ ਦੇ ਹਿਰਦੇ ਵਲੂੰਧਰੇ ਗਏ। ਮਿਸ਼ਨ ਦੇ ਇਹਨਾਂ ਵੀਰਾਂ ਨਾਲ ਹੀ ਸੇਵਾ ਨਿਭਾ ਰਹੀ ਅਖੰਡ ਕੀਰਤਨੀ ਜੱਥੇ ਦੀ ਇਕ ਕੀਰਤਨੀ ਬੀਬੀ ਨੇ ਪ੍ਰਧਾਨ ਸਾਹਿਬ ਨਾਲ ਫੋਨ ਤੇ ਇਸ ਦੁਰਘਟਨਾ ਸੰਬੰਧੀ ਗੱਲ ਕੀਤੀ ਤੇ ਪਹਿਲਾਂ ਦਿੱਤੇ ਮੰਗ ਪੱਤਰ ਤੇ ਕੀਤੀ ਕਾਰਵਾਈ ਬਾਰੇ ਪੁੱਛਿਆ। ਪ੍ਰਧਾਨ ਸਾਹਿਬ ਨੇ ਬੀਬੀ ਜੀ ਨੂੰ ਇਸ ਦੁਰਘਟਨਾ ਬਾਰੇ ਜਾਂਚ ਕਮੇਟੀ ਬਿਠਾਉਣ ਦਾ ਫੈਸਲਾ ਦਸਿਆ ਅਤੇ ਹੋਰ ਵਿਚਾਰ ਕਰਨ ਲਈ ਬੀਬੀ ਜੀ ਦੀ ਮੰਗ ਉਤੇ ਅਗਲੇ ਦਿਨ ਭਾਵ 25 ਜੁਲਾਈ ਨੂੰ ਗੁ: ਦੂਖ ਨਿਵਾਰਨ ਸਾਹਿਬ ਪਟਿਆਲਾ ਆ ਕੇ ਮਿਲਣ ਦਾ ਸਮਾਂ ਦਿੱਤਾ। 25 ਜੁਲਾਈ ਨੂੰ ਮਿਸ਼ਨ/ਅਖੰਡ ਕੀਰਤਨੀ ਜੱਥੇ ਅਤੇ ਕੁਝ ਹੋਰ ਧਾਰਮਿਕ ਜੱਥੇਬੰਦੀਆਂ ਦੇ ਲਗਭਗ 20 ਸਿੰਘ ਦਿੱਤੇ ਹੋਏ ਸਮੇਂ ਤੋਂ ਥੋੜਾ ਪਹਿਲਾਂ ਹੀ ਮੁਲਾਕਾਤ ਲਈ ਗੁ: ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਪਹੁੰਚ ਗਏ। ਪ੍ਰਧਾਨ ਸਾਹਿਬ ਕਿਸੇ ਹੋਰ ਮੀਟਿੰਗ ਵਿਚ ਮਸ਼ਰੂਫ ਸਨ। ਕਾਫੀ ਸਮਾਂ ਇੰਤਜਾਰ ਕਰਨ ਮਗਰੋਂ ਵਫਦ ਦੇ ਇਹਨਾਂ ਵੀਰਾਂ ਨੇ ਕਈ ਸੁਨੇਹੇ ਪ੍ਰਧਾਨ ਸਾਹਿਬ ਨੂੰ ਆਪਣੇ ਆਉਣ ਬਾਰੇ ਘੱਲੇ ਪਰ ਸ਼ਾਇਦ ਬਾਕੀ ਮਾਮਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨਾਲੋਂ ਵੱਡੇ ਸਮਝਦੇ ਹੋਇਆਂ ਪ੍ਰਧਾਨ ਜੀ ਨੇ ਕੋਈ ਪ੍ਰਵਾਹ ਨਾ ਕੀਤੀ।

ਆਖਿਰ ਮੀਟਿੰਗ ਦੀ ਸਮਾਪਤੀ ਉਪਰੰਤ ਪ੍ਰਧਾਨ ਸਾਹਿਬ ਇਸ ਵਫਦ ਨੂੰ ਮਿਲੇ ਬਗੈਰ ਹੀ ਆਪਣੀ ਗੱਡੀ ਵਿਚ ਬੈਠ ਕੇ ਰਵਾਨਾ ਹੋਣ ਲਗੇ ਤਾਂ ਸੰਗਤ ਰੂਪ ਵਿਚ ਇਹਨਾਂ ਸਿੰਘਾਂ ਨੇ ਪ੍ਰਧਾਨ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਇਹਨਾਂ ਨੂੰ ਖਦੇੜ ਦਿੱਤਾ। ਸੰਗਤ ਵਿਚ ਆਏ ਕਿਸੇ ਸ਼ਰਧਾਲੂ ਨੇ ਅੱਕ ਕੇ 'ਪ੍ਰਧਾਨ ਸਾਹਿਬ ਵਿਰੋਧੀ' ਨਾਅਰਾ ਮਾਰ ਦਿੱਤਾ। ਬੱਸ ਫਿਰ ਕੀ ਸੀ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਬਹਾਦਰਾਂ ਨੂੰ ਰੋਹ ਚੜ ਗਿਆ। ਸ਼ਾਇਦ ਉਹਨਾਂ ਨੂੰ ਆਪਣੇ ਪ੍ਰਧਾਨ ਸਾਹਿਬ ਦੀ ਤੌਹੀਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲੋਂ ਵੀ ਜਿਆਦਾ ਵੱਡੀ ਲਗੀ ਸੀ। ਉਹ ਹਾਬੜੇ ਰਾਖਸ਼ਾਂ ਵਾਂਗ ਸਾਰੇ ਸਿੰਘਾਂ ਤੇ ਟੁੱਟ ਕੇ ਪੈ ਗਏ। ਉਹਨਾਂ ਨੂੰ ਦਸਤਾਰਾਂ, ਕੇਸਾਂ ਤੋਂ ਫੜ ਕੇ ਧੂਹ ਘੜੀਸ ਕੀਤੀ ਤੇ ਛੱਲੀਆਂ ਵਾਂਗ ਬੇਕਿਰਕ ਮਾਰ ਕੁਟਾਈ ਕੀਤੀ ਗਈ। ਇਕ ਇਕ ਨਿਹੱਥੇ ਸਿੰਘ ਨੂੰ ਪੰਜ ਪੰਜ ਸਤ ਸਤ ਲੱਠਮਾਰ ਲਾਠੀਆਂ ਤੇ ਕ੍ਰਿਪਾਨਾਂ ਲੈ ਕੇ ਪੈ ਗਏ। ਹੈਰਾਨੀ ਦੀ ਗੱਲ ਸੀ ਕਿ ਵਫਦ ਦੇ ਸਿੰਘਾਂ ਦਾ ਕੁੱਟ ਖਾਂਦਿਆਂ ਲਗਾਤਾਰ ਸ਼ਾਂਤਮਈ ਰਹਿ ਕੇ ਵਾਹਿਗੁਰੂ ਵਾਹਿਗੁਰੂ ਦੇ ਕੀਤੇ ਜਾਪ ਦਾ ਵੀ ਉਹਨਾਂ ਪੱਥਰ ਦਿਲ ਅਖੌਤੀ ਬਹਾਦਰਾਂ ਤੇ ਕੋਈ ਅਸਰ ਨਾ ਹੋਇਆ । ਜਦੋਂ ਉਸ ਕੀਰਤਨੀ ਬੀਬੀ ਨੇ ਪ੍ਰਧਾਨ ਸਾਹਿਬ (ਜੋ ਕਿ ਉਸ ਸਮੇਂ ਤੱਕ ਇਕ ਕਮਰੇ ਵਿਚ ਬੈਠ ਕੇ ਬਾਹਰ ਕੀਤੇ ਜਾ ਰਹੇ ਤਮਾਸ਼ੇ ਨੂੰ ਮਾਣ ਰਹੇ

ਸੀ) ਨੂੰ ਫੋਨ ਕਰ ਕੇ ਇਸ ਸੰਬੰਧੀ ਪੁੱਛਣਾ ਚਾਹਿਆ ਤਾਂ ਪ੍ਰਧਾਨ ਸਾਹਿਬ ਨੇ ਸਾਰੇ ਸਮੇਂ ਵਿਚ ਕਿਸੇ ਫੋਨ ਦਾ ਕੋਈ ਜਵਾਬ ਨਹੀਂ ਦਿੱਤਾ। ਸਿੰਘਾਂ ਨੂੰ ਕਮਰੇ ਵਿਚ ਤਾੜ੍ਹ ਕੇ ਪੁਲਿਸ ਦਾ ਪਹਿਰਾ ਲਗਾ ਦਿੱਤਾ ਗਿਆ। ਬਾਅਦ ਵਿਚ ਸਾਰੇ ਫੜੇ ਸਿੰਘਾਂ ਨੂੰ ਥਾਣੇ ਲਿਜਾਇਆ ਗਿਆ। 'ਪ੍ਰਧਾਨ ਸਾਹਿਬ' ਵਾਰ ਵਾਰ ਫੋਨ ਉਤੇ ਕੇਸ ਦਰਜ ਕਰਨ ਦੀਆਂ ਹਦਾਇਤਾਂ ਦਿੰਦੇ ਰਹੇ। ਸਿੰਘਾਂ ਨੇ ਪੁਲਿਸ ਅਫਸਰਾਂ ਨੂੰ ਆਪਣੇ ਆਉਣ ਦਾ ਮਕਸਦ ਬਿਆਨ ਕੀਤਾ ਅਤੇ ਬਾਹਰੋਂ ਦਬਾ ਪੈਣ ਕਰਕੇ ਕੇਸ ਦਰਜ ਤਾਂ ਨਾ ਕੀਤਾ ਗਿਆ ਅਤੇ ਸਾਰੇ ਅਤਿ ਜਖ਼ਮੀ ਸਿੰਘਾਂ ਨੂੰ ਰਿਹਾ ਕਰ ਦਿੱਤਾ ਗਿਆ

ਹੁਣ ਸਾਰੇ ਘਟਨਾ ਕ੍ਰਮ ਤੋਂ ਬਾਅਦ ਕਈ ਸਵਾਲ ਉੱਭਰ ਕੇ ਸਾਹਮਣੇ ਆਉਣੇ ਸੁਭਾਵਿਕ ਹੀ ਹਨ ਕਿ

(1) ਅਕਾਲੀ ਦਲ (ਬ) ਤੇ ਐਸ.ਜੀ.ਪੀ.ਸੀ ਦੇ ਕਾਰਕੁੰਨਾਂ ਨੂੰ ਪ੍ਰਧਾਨਗੀਆਂ, ਸਕੱਤਰੀਆਂ ਤੇ ਅਹੁਦਿਆਂ ਦੇ ਨਸ਼ੇ ਨੇ ਇਸ ਕਦਰ ਅੰਨਾ ਕਰ ਦਿੱਤਾ ਹੈ ਕਿ ਉਹ ਆਪਣੇ ਤੇ ਪਰਾਏ ਵਿਚਲੇ ਫਰਕ ਨੂੰ ਸਮਝਣ ਤੋਂ ਅਸਮਰੱਥ ਹਨ?

(2)ਕੀ ਅਕਾਲੀ/ਸੰਘ ਯਾਰੀ ਨੇ ਉਹਨਾਂ ਦੇ ਮਨਾਂ ਵਿਚ ਇਸ ਕਦਰ ਨਫਰਤ ਦੀ ਭਾਵਨਾਂ ਨੂੰ ਪ੍ਰਬਲ ਕਰ ਦਿੱਤਾ ਹੈ ਕਿ ਉਹਨਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਦੀ ਗੱਲ ਕਰਨ ਵਾਲੇ ਸਿੱਖ ਵੀ ਦੁਸ਼ਮਣ ਭਾਸਦੇ ਹਨ?

(3)ਜਾਂ ਫਿਰ ਇਹ ਸਭ ਕੁਝ ਆਪਣੇ ਸਿਆਸੀ ਪ੍ਰਭੂਆਂ ਨੂੰ ਖੁਸ਼ ਕਰਨ ਲਈ ਜਾਂ ਹਿੰਦੂ ਵੋਟ ਬਟੋਰਨ ਲਈ ਕੀਤਾ ਜਾ ਰਿਹਾ ਹੈ?

(4)ਰਾਸ਼ਟਰੀ ਸਿੱਖ ਸੰਗਤ/ਨਿਰੰਕਾਰੀ ਆਦਿਕ ਸਿੱਖ ਪੰਥ ਘਾਤਕ ਜੱਥੇਬੰਦੀਆਂ ਨੂੰ ਕਲਾਵੇ ਵਿਚ ਲੈਣ ਦੀਆਂ ਤਿਆਰੀਆਂ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਸਹਾਰਦੇ ਹੋਏ ਕੁਰਬਾਨੀਆਂ ਕਰਨ ਵਾਲੀਆਂ ਜੱਥੇਬੰਦੀਆਂ (ਅਖੰਡ ਕੀਰਤਨੀ ਜੱਥੇ ਆਦਿਕ) ਦੇ ਸਿੰਘਾਂ ਦੀ ਮਾਰ ਕੁਟਾਈ ਕਰਨਾ, ਸ਼੍ਰੋਮਣੀ ਕਮੇਟੀ/ਸਿੰਘ ਸਾਹਿਬਾਨ/ਅਤੇ ਬਾਦਲ ਦਲੀਆਂ ਦੇ ਹਿੰਦੂ ਹਿਤ ਵਿਚ ਸੰਘਵਾਦੀ ਹੱਥਾਂ ਵਿਚ ਖੇਡਣ ਦੀਆਂ ਪੱਕੀਆਂ ਨਿਸ਼ਾਨੀਆਂ ਕਹੀਆਂ ਜਾ ਸਕਦੀਆਂ ਹਨ?

ਸਮੂਹ ਪੰਥ ਦਰਦੀਆਂ ਦਾ ਫਰਜ਼ ਬਣਦਾ ਹੈ ਕਿ ਆਮ ਭੋਲੇ ਭਾਲੇ ਲੋਕਾਂ ਨੂੰ ਇਹਨਾਂ ਗੱਲਾਂ ਬਾਰੇ ਸੁਚੇਤ ਕੀਤਾ ਜਾਏ ਅਤੇ ਇਹਨਾਂ ਪੰਥ ਦੋਖੀ ਤਾਕਤਾਂ ਨੂੰ ਸਮਾਂ ਆਉਣ ਤੇ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ।

ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਪ੍ਰਤੀ ਬੇਨਤੀ ਹੈ ਕਿ ਉਪਰੋਕਤ ਘਟਨਾ ਸੰਬੰਧੀ ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਹੋਰ ਜ਼ਿੰਮੇਵਾਰ ਸੱਜਣਾਂ ਪਾਸੋਂ ਜਵਾਬ ਤਲਬੀ ਕੀਤੀ ਜਾਵੇ ਅਤੇ ਸਿੰਘ ਸਾਹਿਬਾਨ ਨੂੰ ਇਸ ਘਟਨਾ ਦਾ ਨੋਟਿਸ ਲੈ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਨੂੰ ਮੁੱਖ ਰੱਖ ਕੇ ਗਏ। ਨਿਹੱਥੇ ਅੰਮ੍ਰਿਤਧਾਰੀ ਸਿੰਘਾਂ ਉਤੇ ਹੋਏ ਇਸ ਘੋਰ ਤਸ਼ੱਦਦ ਦੇ ਜ਼ਿੰਮੇਵਾਰ ਸੱਜਣਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਰ ਕੇ ਸਖਤ ਤੋਂ ਸਖਤ ਤਨਖਾਹ ਲਗਾ ਕੇ ਅਗੋਂ ਵਾਸਤੇ ਸਖਤੀ ਨਾਲ ਤਾੜਨਾ ਕੀਤੀ ਜਾਵੇ ਕਿਉਂਕਿ ਗੁਰਬਾਣੀ ਦੇ ਸਰੂਪਾਂ ਦੀ ਬੇਅਦਬੀ ਰੋਕਣੀ, ਗੁਰਸਿਖੀ ਬਾਣੇ, ਦਸਤਾਰ ਆਦਿ ਦਾ ਸਤਿਕਾਰ ਕਰਨਾ ਅਤੇ ਗੁਰਧਾਮਾਂ ਦੀ ਪਵਿੱਤਰਤਾ ਕਾਇਮ ਰੱਖਣੀ ਅਸਾਡਾ ਸਭ ਦਾ ਸਭ ਤੋਂ ਜ਼ਰੂਰੀ ਅਤੇ ਮੁੱਢਲਾ ਫਰਜ ਹੈ।

ਹੁਣ ਜਾਂਦੇ ਜਾਂਦੇ ਧਿਆਨ ਇਕ ਹੋਰ ਗੱਲ ਵੱਲ - ਕਿਸੇ ਅਖ਼ਬਾਰੀ ਖ਼ਬਰ ਅਨੁਸਾਰ ਭਾਈ ਬਲਦੇਵ ਸਿੰਘ ਨੇ ਇਸ ਘਟਨਾ ਨਾਲ ਅਖੰਡ ਕੀਰਤਨੀ ਜੱਥੇ ਦਾ ਕੋਈ ਸੰਬੰਧ ਨਾ ਹੋਣ ਦੀ ਗੱਲ ਕੀਤੀ ਗਈ ਹੈ ਉਸ ਸੰਬੰਧੀ ਤਫਤੀਸ਼ ਕਰਨ ਤੋਂ ਬਾਅਦ ਜੋ ਪਤਾ ਲਗਾ ਹੈ ਉਸ ਦੀ ਸਮੂਹ ਸੰਗਤਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਬਲਦੇਵ ਸਿੰਘ ਨੂੰ ਅਖੰਡ ਕੀਰਤਨੀ ਜੱਥੇ ਸੰਬੰਧੀ ਕੋਈ ਗੱਲ ਕਰਨ ਜਾਂ ਬਿਆਨ ਦੇਣ ਦਾ ਅਧਿਕਾਰ ਨਹੀਂ ਹੈ ਬਲਕਿ ਉਸ ਨੂੰ ਤਾਂ 26 ਜਨਵਰੀ 2005 ਤੋਂ ਜੱਥੇ ਵਿਚੋਂ ਬਾਹਰ ਕੱਢਿਆ ਜਾ ਚੁੱਕਾ ਹੈ। ਸਾਰਾ ਸਿੱਖ ਜਗਤ ਤੇ ਹਿੰਦੂਸਤਾਨ ਦੇ ਹੋਰ ਵੀ ਬਹੁਤ ਸਾਰੇ ਲੋਕ ਗੁਰਬਾਣੀ ਦੇ ਸਤਿਕਾਰ ਹਿਤ ਅਖੰਡ ਕੀਰਤਨੀ ਜੱਥੇ ਵਲੋਂ ਕੀਤੀਆਂ ਕੁਰਬਾਨੀਆਂ ਨੂੰ ਜਾਣਦੇ ਹਨ ਤੇ ਹੁਣ ਵੀ ਇਹੀ ਆਸ ਕਰਦੇ ਹਨ ਕਿ ਗੁਰਬਾਣੀ ਦੇ ਸਤਿਕਾਰ ਲਈ ਜਿੱਥੇ ਵੀ ਲੋੜ ਪਈ ਜੱਥੇ ਦੇ ਸਿੰਘ ਪਿੱਛੇ ਨਹੀਂ ਹਟਣਗੇ।