Pages

Wednesday, May 4, 2011

ਦਿੱਲੀ ਨੂੰ.......!

ਦਿੱਲੀ ਨੂੰ.......!
ਮੇਰੇ ਪਿੰਡ ਦੇ ਕੱਚਿਆਂ ਢਾਰਿਆਂ ਤੋਂ, ਤੇਰਾ ਫਾਸਲਾ,
ਚਾਰ ਕੁ ਸੌ ਮੀਲ ਦਾ ਹੋਣੈ,
ਤੇ ਚਾਂਦਨੀ ਚੌਂਕ ਤੋਂ ਲਾਲ ਕਿਲੇ ਦਾ ਫਾਸਲਾ
ਚਾਰ ਕੁ ਫਰਲਾਂਗ ।
ਤੇਰੇ ਮਾਲਕਾਂ ਨੂੰ ਚਾਂਦਨੀ ਚੌਂਕ ਤੋਂ
ਲਾਲ ਕਿਲੇ ਦਾ ਫਾਸਲਾ ਭੁੱਲ ਗਿਐ ।
ਜੇ ਯਾਦ ਹੁੰਦਾ ਤਾਂ ਚੁਰਾਸੀ ਦਾ ਗੇੜ ਨਹੀਂ ਚੱਲਣਾ ਸੀ ।
ਤੇ ਨਾ ਹੀ ਮੱਸ਼ਰੀਆ ਟੋਲੀਆਂ ਨੇ
ਮੇਰੇ ਸ਼ਹੀਦ ਗੁਰੂ ਦੀ ਸ਼ਹਾਦਤ ਗਾਹ ਨੂੰ ਅੱਗਾਂ ਲਾਉਣ ਦੌੜਨਾ ਸੀ ।
ਤੇਰੀ ਹਰ ਗਲੀ ਹਰ ਮੋੜ
ਮੈਨੂੰ ਯਾਦ ਕਰਵਾ ਜਾਂਦੈ
ਮੇਰੀ ਮਾਵਾਂ ਭੈਣਾ ਨਾਲ ਹੀ ਨਹੀਂ
ਸਗੋਂ ਮਾਨਵਤਾ ਸੀ ਲਾਸ਼ ਨਾਲ ਕੀਤਾ ਬਲਾਤਕਾਰ ।
ਤੇ ਹਰ ਵਾਰ ਜਦੋਂ ਮੈਂ ਮੇਰੇ ਪਿੰਡ ਤੋਂ ਲੈ ਕੇ
ਤੇਰੀਆਂ ਬਰੂਹਾਂ ਤੱਕ ਪਹੁੰਚਦੀਆਂ
ਆਪਣੀਆਂ ਪੈੜਾਂ ਨੂੰ ਗਿਣਦਾ ਹਾਂ,
ਤਾਂ ਮੈਨੂੰ ਦਿੱਲੀ ਦੂਰ ਨਹੀਂ ਜਾਪਦੀ ।
ਤੇਰੇ ਅਜੋਕੇ ਮਾਲਕ ਭਾਵੇਂ ਭੁੱਲ ਗਏ ਨੇ
ਚਾਂਦਨੀ ਚੌਂਕ ਵਿੱਚ ਕੀਤੀਆਂ ਕੁਰਬਾਨੀਆਂ
ਪਰ ਮੈਂ ਨਹੀਂ ਭੁੱਲ ਸਕਿਆ ਤੇ ਭੁੱਲਾਂਗਾ ਵੀ ਨਹੀਂ,
ਡੁੱਲੇ ਲਹੂ ਨੂੰ, ਕਿਰੇ ਅੱਥਰੂਆਂ ਨੂੰ,
ਤੇਰੇ ਮਾਲਕਾਂ ਦੀ ਕਮੀਨਗੀ ਨੂੰ
ਤੇ, ਬਾਬਾ ਬਘੇਲ ਸਿੰਘ ਦੇ ਇਤਿਹਾਸ ਨੂੰ ।
ਜਦੋਂ ਇਹ ਗੱਲ
ਕੱਚੇ ਢਾਰਿਆਂ ਦੀ ਸਮਝ ਪੈ ਗਈ
ਕਿ ਦਿੱਲੀ.........ਦਿੱਲੀ ਦਾ ਕੀ ਐ
ਦਿੱਲੀ ਤਾਂ ਬਿੱਲੀ ਐ, ਜਦੋਂ ਮਰਜੀ ਮਾਰ ਲਵੋ,
ਤਾਂ ਮੇਰੀਆਂ ਪੈੜਾਂ ਸਿਰਫ ਪੈੜਾਂ ਨਹੀ ਰਹਿਣੀਆਂ,
ਸਗੋਂ ਕਾਫਲੇ ਵਿੱਚ ਵਟ ਜਾਣਗੀਆਂ
ਤੇ ਕਾਫਲੇ ਕਦੇ, ਰੋਕਿਆਂ, ਰੁਕਦੇ ਨਹੀਂ ਹੁੰਦੇ,
ਕਫਨ ਲਪੇਟੇ ਸਿਰ ਕਦੇ ਝੁਕਦੇ ਨਹੀਂ ਹੁੰਦੇ,
ਯਾਦ ਰੱਖ ਤੇ ਦੱਸ ਦੇ ਆਪਣੇ ਮਾਲਕਾਂ ਨੂੰ ਵੀ,
ਕਿ, ਬਾਬਾ ਬਘੇਲ ਸਿੰਘ
ਤੈਨੂੰ ਸੱਤ ਵਾਰ ਜਿੱਤ ਕੇ ਦਾਨ ਕਰ ਸਕਦੇ ਐ,
ਤਾਂ, ਬਾਬਾ ਬਘੇਲ ਸਿੰਘ ਦੇ ਵਾਰਸ,
ਇਕੋ ਝੱਟਕੇ ਖੋਹ ਵੀ ਸਕਦੇ ਐ,
ਇਕੋ ਝੱਟਕੇ..............!

ਅਮਰਦੀਪ ਸਿੰਘ 'ਅਮਰ'